-ਦਿੱਲੀ ਦੇ ਲੋਕਾਂ ਨੇ ‘ਆਪ’ ਨੂੰ ਸਿਆਸੀ ਔਕਾਤ ਦਿਖਾਈ
ਚੰਡੀਗੜ੍ਹ,8 ਫਰਵਰੀ, Gee98 News service
-ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਹੱਕ ਵਿੱਚ ਇਤਿਹਾਸਿਕ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਮੁਲਕ ਦੀ ਰਾਜਨੀਤੀ ‘ਚ ਉਸ ਦਾ ਅਸਲ ਮੁਕਾਮ ਦਰਸਾ ਦਿੱਤਾ ਹੈ। ਦਿੱਲੀ ਦੇ ਵੋਟਰਾਂ ਨੇ ਸਿਰਫ ਭਾਜਪਾ ਨੂੰ ਹੀ ਨਹੀਂ ਜਿਤਾਇਆ ਸਗੋਂ ਭਾਜਪਾ ਦੀਆਂ ਦੇਸ਼ ਪੱਖੀ ਨੀਤੀਆਂ ਦੀ ਪ੍ਰੋੜਤਾ ਇੱਕ ਅਜਿਹੇ ਢੰਗ ਨਾਲ ਕੀਤੀ ਹੈ ਕਿ ਭਾਜਪਾ ਦੀ ਇਹ ਜਿੱਤ ਹਮੇਸ਼ਾ ਮੁਲਕ ਦੀ ਰਾਜਨੀਤੀ ਵਿੱਚ ਜ਼ਿਕਰਯੋਗ ਰਹੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਕੌਮੀ ਆਗੂ ਕੇਵਲ ਸਿੰਘ ਢਿੱਲੋਂ ਨੇ ਦਿੱਲੀ ਤੋਂ ਅਦਾਰਾ Gee98 News ਨਾਲ ਗੱਲਬਾਤ ਕਰਦੇ ਹੋਏ ਕੀਤਾ। ਦਿੱਲੀ ‘ਚ ਭਾਜਪਾ ਦੀ ਜਿੱਤ ‘ਤੇ ਬਾਗ਼ੋਂ ਬਾਗ਼ ਹੋਏ ਸਰਦਾਰ ਢਿਲੋਂ ਨੇ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੇ ‘ਆਪ’ ਨੂੰ ਦੱਸ ਦਿੱਤਾ ਹੈ ਕਿ ਰਾਜ ਜੁਮਲਿਆਂ ਨਾਲ ਨਹੀਂ ਸਗੋਂ ਲੋਕ ਪੱਖੀ ਨੀਤੀਆਂ ਨਾਲ ਚੱਲਦੇ ਹਨ ਅਤੇ ਇਹ ਨੀਤੀਆਂ ਸਿਰਫ਼ ਤੇ ਸਿਰਫ਼ ਭਾਜਪਾ ਕੋਲ ਹੀ ਹਨ। ਢਿੱਲੋਂ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਦਿੱਲੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਬੇਮਿਸਾਲ ਭਰੋਸਾ ਪ੍ਰਗਟ ਕੀਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਬਜਬਾਗਾਂ ਤੇ ਜੁਮਲਿਆਂ ਨਾਲ ਦਿੱਲੀ ਦੇ ਲੋਕਾਂ ਨੂੰ 10 ਸਾਲ ਸਿਆਸੀ ਤੌਰ ‘ਤੇ ਮੂਰਖ ਬਣਾਇਆ ਅਤੇ ਹੁਣ ਲੋਕਾਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਅਜਿਹੇ ਮੁਕਾਮ ‘ਤੇ ਧੱਕ ਦਿੱਤਾ ਕਿ ਦੇਸ਼ ਦੀ ਰਾਜਨੀਤੀ ‘ਚ ਉਸ ਦੇ ਪੈਰ ਨਹੀਂ ਲੱਗਣਗੇ। ਢਿੱਲੋ ਨੇ ਕਿਹਾ ਕਿ ‘ਆਪ’ ਨੇ ਕੌਮੀ ਰਾਜਧਾਨੀ ਦਾ ਹਰ ਖੇਤਰ ‘ਚ ਨਕਸ਼ਾ ਵਿਗਾੜਿਆ ਪਰੰਤੂ ਹੁਣ ਭਾਜਪਾ ਕੌਮੀ ਰਾਜਨੀਤੀ ਨੂੰ ਇਸ ਤਰ੍ਹਾਂ ਸੰਵਾਰੇਗੀ ਕਿ ਵਿਸ਼ਵ ਪੱਧਰ ‘ਤੇ ਗੱਲਾਂ ਹੋਣਗੀਆਂ। ਢਿੱਲੋ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਜੁੰਡਲੀ ਨੇ ਦਿੱਲੀ ਦੇ ਲੋਕਾਂ ਦਾ ਟੈਕਸਾਂ ਦਾ ਪੈਸਾ ਤੇ ਖੂਨ ਪਸੀਨੇ ਦੀ ਕਮਾਈ ਨੂੰ ਸ਼ੀਸ਼ ਮਹਿਲ ‘ਤੇ ਪਾਣੀ ਵਾਂਗ ਵਹਾਇਆ ਅਤੇ ਨਿੱਜ ਦੀ ਰਾਜਨੀਤੀ ਕੀਤੀ ਪਰੰਤੂ ਹੁਣ ਸਮਾਂ ਲੋਕ ਪੱਖੀ ਰਾਜਨੀਤੀ ਦਾ ਹੈ ਜਿਸ ਦੀ ਭਾਜਪਾ ਹੀ ਪਹਿਰੇਦਾਰ ਹੈ। ਕੇਵਲ ਸਿੰਘ ਢਿੱਲੋ ਨੇ ਭਾਜਪਾ ਦੀ ਦਿੱਲੀ ਜਿੱਤ ਦੇ ਸੰਦਰਭ ਵਿੱਚ ਪੰਜਾਬ ਦੀ ਰਾਜਨੀਤੀ ਬਾਰੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ‘ਚ ਵੀ ਝਾੜੂ ਤੀਲਾ ਤੀਲਾ ਹੋਵੇਗਾ ਕਿਉਂਕਿ ਜਦੋਂ ਕਮਾਂਡਰ ਹੀ ਹਾਰ ਜਾਵੇ ਤਾਂ ਸਿਪਾਹੀ ਫੌਜ ਛੱਡ ਕੇ ਭੱਜਣ ਲੱਗ ਜਾਂਦੇ ਹਨ। ਢਿੱਲੋਂ ਨੇ ਕਿਹਾ ਕਿ ਦਿੱਲੀ ‘ਚ ਆਪ ਦੀ ਹਾਰ ਦੀ ਇਖ਼ਲਾਕੀ ਜ਼ਿੰਮੇਵਾਰੀ ਕਬੂਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਭਗਵੰਤ ਮਾਨ ਨੇ ਪੰਜਾਬ ਦਾ ਪੈਸਾ ਦਿੱਲੀ ਜਾ ਕੇ ਲੁਟਾਇਆ। ਕੇਵਲ ਸਿੰਘ ਢਿੱਲੋ ਨੇ ਪੰਜਾਬ ਦੇ ਭਾਜਪਾ ਵਰਕਰਾਂ ਨੂੰ ਖਾਸ ਕਰਕੇ ਜ਼ਿਲ੍ਹਾ ਬਰਨਾਲਾ ਦੇ ਵਰਕਰਾਂ ਨੂੰ ਦਿੱਲੀ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਆਗੂ ਤੇ ਵਰਕਰ ਦਾ ਇਸ ਜਿੱਤ ਦੇ ਵਿੱਚ ਵਡਮੁੱਲਾ ਯੋਗਦਾਨ ਹੈ।









