ਚੰਡੀਗੜ੍ਹ,10 ਫਰਵਰੀ, Gee98 News service
-ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ‘ਚ ਚਰਚਾ ਇਹੋ ਹੋ ਰਹੀ ਹੈ ਕਿ ਹੁਣ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅੱਖ ਪੰਜਾਬ ‘ਤੇ ਟਿਕੇਗੀ। ਪੰਜਾਬ ਤਾਂ ਖ਼ੈਰ ਪਹਿਲਾਂ ਹੀ ਆਪ ਹਾਈ ਕਮਾਂਡ ਦੇ ਰਹਿਮੋ ਕਰਮ ਅਤੇ ਇਸ਼ਾਰਿਆਂ ‘ਤੇ ਚੱਲਦਾ ਸੀ ਪ੍ਰੰਤੂ ਹੁਣ ਦਿੱਲੀ ‘ਚ ਵਿਹਲੇ ਹੋਣ ਤੋਂ ਬਾਅਦ ਇਹ ਅਆਸਾਰ ਜ਼ਿਆਦਾ ਬਣ ਗਏ ਹਨ ਕਿ ਆਪ ਦੀ ਕੌਮੀ ਹਾਈ ਕਮਾਂਡ ਪੰਜਾਬ ‘ਤੇ ਸਿੱਧੇ ਤੌਰ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰੇਗੀ, ਭਾਵੇਂ ਕਿ ਕੱਲ੍ਹ ਤੱਕ ਉਕਤ ਚਰਚਾ ਨੂੰ ਸਮੇਂ ਤੋਂ ਪਹਿਲਾਂ ਦੀਆਂ ਕਿਆਸਅਰਾਈਆਂ ਵੀ ਕਿਹਾ ਜਾ ਰਿਹਾ ਸੀ ਪਰੰਤੂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਇੱਕ ਮੀਟਿੰਗ 11 ਫਰਵਰੀ ਨੂੰ ਦਿੱਲੀ ਵਿਖੇ ਸੱਦ ਲਈ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ 11 ਫਰਵਰੀ ਵਿਧਾਇਕਾਂ ਦੀ ਮੀਟਿੰਗ ਦੇ ਮੱਦੇ ਨਜ਼ਰ 10 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਹ ਕੈਬਨਿਟ ਦੀ ਮੀਟਿੰਗ 13 ਫਰਵਰੀ ਨੂੰ ਹੋਵੇਗੀ। ਸਪੱਸ਼ਟ ਹੈ ਕਿ 11 ਦੇ ਵੀ ਮੀਟਿੰਗ ਵਿੱਚ 13 ਫਰਵਰੀ ਕੈਬਨਿਟ ਦੀ ਮੀਟਿੰਗ ਦਾ ਏਜੰਡਾ ਫਾਈਨਲ ਕੀਤਾ ਜਾਵੇਗਾ, ਇਹ ਏਜੰਡਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਸਗੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਫਾਈਨਲ ਕਰਨਗੇ। ਆਪ ਹਾਈ ਕਮਾਂਡ ਇਸ ਕਰਕੇ ਵੀ ਸਵਾਲਾਂ ਦੇ ਘੇਰੇ ਵਿੱਚ ਇਹ ਹੈ ਕਿ ਆਪ ਵਿਧਾਇਕਾਂ ਦੀ ਮੀਟਿੰਗ ਦਿੱਲੀ ਕਿਉਂ ਬੁਲਾਈ ਗਈ। ਆਖਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਆ ਕੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਕਿਉਂ ਨਹੀਂ ਕੀਤੀ। ਦੂਜੇ ਪਾਸੇ “ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ” ਕਹਾਵਤ ਵਾਂਗ ਹਾਈ ਕਮਾਂਡ ਦੇ ਸੱਦੇ ‘ਤੇ ਕੈਬਨਿਟ ਦੀ ਮੀਟਿੰਗ ਮੁਲਤਵੀ ਕਰਕੇ ਦਿੱਲੀ ਮੀਟਿੰਗ ਰੱਖ ਲੈਣ ‘ਤੇ ਭਗਵੰਤ ਮਾਨ ਸਿੱਧੇ ਤੌਰ ‘ਤੇ ਸਵਾਲਾਂ ਦੇ ਘੇਰੇ ਵਿੱਚ ਹੈ। ਸਿਆਸੀ ਮਾਹਿਰਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਦਰਭ ਵਿੱਚ ਅੰਦਰੂਨੀ ਹਾਲਾਤ ਕੁਝ ਇਹੋ ਜਿਹੇ ਬਣ ਗਏ ਹਨ ਕਿ ਜੇਕਰ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਕੁਰਸੀ ‘ਤੇ ਟਿਕੇ ਰਹਿਣਾ ਹੈ ਤਾਂ ਉਸਨੂੰ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਦੇ ਸਿਆਸੀ ਰਹਿਮੋ ਕਰਮ ‘ਤੇ ਹੀ ਟਿਕੇ ਰਹਿਣਾ ਪਵੇਗਾ ਕਿਉਂਕਿ ਪੰਜਾਬ ਦੇ ਬਹੁਤੇ ਵਿਧਾਇਕ ਸਿੱਧੇ ਤੌਰ ‘ਤੇ ਆਪ ਦੀ ਹਾਈ ਕਮਾਂਡ ਨਾਲ ਜੁੜ ਚੁੱਕੇ ਹਨ। ਇਹ ਕੋਈ ਲੁਕਿਆ ਪੱਖ ਨਹੀਂ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਸਿੱਧੇ ਤੌਰ ‘ਤੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਿਲ ਹੋ ਚੁੱਕੇ ਹਨ ਅਤੇ ਉਹਨਾਂ ਨੇ ਆਪਣੇ ਪੱਧਰ ‘ਤੇ ਵਿਧਾਇਕਾਂ ਦੀ ਲਾਬਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। 11 ਫਰਵਰੀ ਦੀ ਮੀਟਿੰਗ ਤੋਂ ਬਾਅਦ ਤਸਵੀਰ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ ਤੇ 13 ਫਰਵਰੀ ਦੀ ਕੈਬਨਿਟ ਮੀਟਿੰਗ ਵਿੱਚ ਪਾਸ ਹੋਣ ਵਾਲੇ ਏਜੰਡੇ ਇਹ ਪੂਰੀ ਤਰ੍ਹਾਂ ਸਪੱਸ਼ਟਤਾ ਦੇਣਗੇ ਕਿ ਪੰਜਾਬ ‘ਚ ਹੁਣ ਰਾਜ ਭਗਵੰਤ ਮਾਨ ਦੇ ਹੱਥਾਂ ‘ਚ ਕਿੰਨਾ ਕੁ ਹੋਵੇਗਾ, ਭਾਵੇਂ ਕਿ ਇਹ ਪਹਿਲਾਂ ਵੀ ਥੋੜਾ ਹੀ ਸੀ ਪ੍ਰੰਤੂ ਆਉਣ ਵਾਲੇ ਦਿਨਾਂ ‘ਚ ਤਸਵੀਰ ਹੋਰ ਬਦਲ ਜਾਣ ਦੇ ਸੰਭਾਵਨਾ ਹੈ। ਪੰਜਾਬ ਦੇ ਇੱਕ ਵਿਧਾਇਕ ਨਾਲ ਦਿੱਲੀ ਬੁਲਾਈ ਮੀਟਿੰਗ ਦੇ ਟਿੱਪਣੀ ਕਰਨ ਲਈ ਸੰਪਰਕ ਕੀਤਾ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।







