Gee 98News

ਬਰਨਾਲਾ ਦੀ ਨਾਬਾਲਿਗ ਕੁੜੀ ਨਾਲ ਲੁਧਿਆਣਾ ਦੇ ਹੋਟਲ ‘ਚ ਚਾਰ ਜਣਿਆਂ ਨੇ ਕੀਤਾ ਰੇਪ..ਦੋਸ਼ੀ ਵੀ ਬਰਨਾਲੇ ਦੇ…!

ਬਰਨਾਲਾ, 22 ਫਰਵਰੀ, (ਨਿਰਮਲ ਸਿੰਘ ਪੰਡੋਰੀ)-

-ਬਰਨਾਲਾ ਦੀ ਰਹਿਣ ਵਾਲੀ ਇੱਕ ਨਾਬਾਲਿਗ ਕੁੜੀ ਨਾਲ ਬਰਨਾਲਾ ਦੇ ਹੀ 4 ਨੌਜਵਾਨਾਂ ਵੱਲੋਂ ਲੁਧਿਆਣਾ ਲਿਜਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਕੁੜੀ ਦੇ ਪਿਤਾ ਨੇ ਪੁਲਿਸ ‘ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਹਨ। ਦੱਸ ਦੇਈਏ ਕਿ ਪਰਿਵਾਰ ਵੱਲੋਂ 19 ਫਰਵਰੀ ਨੂੰ ਕੁੜੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰੰਤੂ ਪੁਲਿਸ ਨੇ ਅੱਜ ਚੌਥੇ ਦਿਨ ਜਾ ਕੇ ਇਸ ਸਬੰਧੀ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਪ੍ਰੰਤੂ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਸ਼ਹਿਰ ਦੀ ਹੀ ਰਹਿਣ ਵਾਲੀ ਇੱਕ ਕੁੜੀ ਨੂੰ ਕਚਹਿਰੀ ਚੌਂਕ ਦੇ ਨੇੜੇ ਰਹਿਣ ਵਾਲੇ ਚਾਰ ਨੌਜਵਾਨ ਲੁਧਿਆਣਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਏ ਜਿੱਥੇ ਰਾਤ ਭਰ ਚਾਰਾਂ ਜਣਿਆਂ ਨੇ ਕੁੜੀ ਨਾਲ ਜਬਰਦਸਤੀ ਸਬੰਧ ਬਣਾਏ। ਕਰੀਬ 15 ਕੁ ਵਰ੍ਹਿਆਂ ਦੀ ਪੀੜਿਤ ਕੁੜੀ ਨੇ ਦੱਸਿਆ ਕਿ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਹੈਪੀ ਸਿੰਘ ਅਤੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਰਮਨਦੀਪ ਸਿੰਘ, ਨਿੰਮਾ ਤੇ ਗੌਰਵਦੀਪ ਪਹਿਲਾਂ ਉਸ ਨੂੰ ਇੱਕ ਮੋਟਰਸਾਈਕਲ ‘ਤੇ ਬਿਠਾ ਕੇ ਗਰਚਾ ਰੋਡ ਬਰਨਾਲਾ ਵੱਲ ਲੈ ਗਏ ਜਿੱਥੇ ਲਿਜਾ ਕੇ ਉਹਨਾਂ ਨੇ ਜਬਰਦਸਤੀ ਸੁਲਫੇ ਵਾਲੀਆਂ ਸਿਗਰਟਾਂ ਅਤੇ ਸ਼ਰਾਬ ਵੀ ਪਿਲਾਈ ਅਤੇ ਇਸ ਤੋਂ ਬਾਅਦ ਉਹ ਨਸ਼ੇ ਦੀ ਹਾਲਤ ਵਿੱਚ ਉਸ ਨੂੰ ਲੁਧਿਆਣਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਏ ਜਿੱਥੇ ਰਾਤ ਭਰ ਉਕਤ ਚਾਰਾਂ ਜਣਿਆਂ ਨੇ ਰੇਪ ਕੀਤਾ। ‌ ਦੋਸ਼ੀਆਂ ਨੇ ਪਹਿਲਾਂ ਹੀ ਲੁਧਿਆਣਾ ਵਿਖੇ ਇੱਕ ਕਮਰਾ ਬੁੱਕ ਕਰਵਾਇਆ ਹੋਇਆ ਸੀ। ‌ਪੀੜਤ ਕੁੜੀ ਨੇ ਦੱਸਿਆ ਕਿ ਅਗਲੇ ਦਿਨ ਦੋਸ਼ੀ ਉਸ ਨੂੰ ਸ਼ਹਿਰ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਕੋਲ ਛੱਡ ਗਏ ਜਿੱਥੋਂ ਉਹ ਆਟੋ ‘ਤੇ ਕਚਹਿਰੀ ਚੌਂਕ ਪੁੱਜੀ ਅਤੇ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਦੱਸਿਆ। ‌ ਦੂਜੇ ਪਾਸੇ ਪੀੜਤ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨਾਂ ਨੇ 19 ਫਰਵਰੀ ਨੂੰ ਹੀ ਆਪਣੀ ਲੜਕੀ ਦੇ ਲਾਪਤਾ ਹੋ ਜਾਣ ਦੀ ਸੂਚਨਾ ਥਾਣਾ ਸਿਟੀ 2 ਵਿੱਚ ਦੇ ਦਿੱਤੀ ਸੀ ਪ੍ਰੰਤੂ ਪੁਲਿਸ ਨੇ ਨਾਬਾਲਿਗ ਕੁੜੀ ਦੇ ਲਾਪਤਾ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਮੇਂ ਸਿਰ ਬਣਦੀ ਕਾਰਵਾਈ ਨਹੀਂ ਕੀਤੀ। ‌ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰੇਪ ਦੀ ਘਟਨਾ ਬਾਰੇ ਪੁਲਿਸ ਨੂੰ ਦੱਸਣ ਤੋਂ ਬਾਅਦ ਵੀ ਪੁਲਿਸ ਅਫ਼ਸਰ ਉਹਨਾਂ ਨੂੰ “ਕੁਆਰੀ ਕੁੜੀ ਦੀ ਇੱਜ਼ਤ ਥਾਣਿਆਂ ਵਿੱਚ ਰੁਲ ਜਾਵੇਗੀ” ਵਰਗੀਆਂ ਗੱਲਾਂ ਕਰਕੇ ਕਾਨੂੰਨੀ ਕਾਰਵਾਈ ਦੇ ਚੱਕਰਾਂ ‘ਚ ਨਾ ਪੈਣ ਦੀਆਂ ਸਲਾਹਾਂ ਦਿੰਦੇ ਰਹੇ। ਪਰਿਵਾਰ ਦੀ ਇਹ ਵੀ ਮੰਗ ਹੈ ਕਿ ਨਾਬਾਲਿਗ ਕੁੜੀ ਦੇ ਨਾਲ ਚਾਰ ਜਣਿਆਂ ਨੂੰ ਹੋਟਲ ‘ਚ ਕਮਰਾ ਦੇਣ ਵਾਲੇ ਹੋਟਲ ਮਾਲਕਾਂ ਦੇ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਦੀ ਢਿੱਲ ਮੱਠ ਤੋਂ ਬਾਅਦ ਜਦ ਪਰਿਵਾਰ ਨੇ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕਰਨ ਦੀ ਗੱਲ ਕਹੀ ਤਾਂ ਪੁਲਿਸ ਹਰਕਤ ਵਿੱਚ ਆਈ ਤੇ ਕੁੜੀ ਦਾ ਮੈਡੀਕਲ ਕਰਵਾ ਕੇ ਚੌਥੇ ਦਿਨ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਪੁਲਿਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ ਦੇ ਅਧਾਰ ‘ਤੇ ਚਾਰ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਜਿਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਦੀ ਮੰਗ ਅਨੁਸਾਰ ਫਿਲਹਾਲ ਪੁਲਿਸ ਵੱਲੋਂ ਹੋਟਲ ਮਾਲਕਾਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਸਾਹਮਣੇ ਨਹੀਂ ਆਈ।

Gee98 Ads
error: Content is protected !!