Gee 98News

ਪੰਜਾਬ ‘ਚ 58 ਤੋਂ 60 ਸਾਲ ਹੋਵੇਗੀ ਸੇਵਾਮੁਕਤੀ ਦੀ ਉਮਰ…ਬੇਰੁਜ਼ਗਾਰਾਂ ਦੇ ਸਾਹ ਸੂਤੇ

-ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਇੱਕ ਫੈਸਲੇ ਨੇ ਬੇਰੁਜ਼ਗਾਰਾਂ ਦੇ ਸਾਹ ਸੂਤ ਲਏ ਹਨ। ਚਰਚਾ ਅਨੁਸਾਰ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤੋਂ ਵਧਾ ਕੇ 60 ਸਾਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਚਰਚਾ ਨੇ ਨੌਕਰੀਆਂ ਦੀ ਤਲਾਸ਼ ਵਿੱਚ ਭਟਕ ਰਹੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ‘ਚ ਚਿੰਤਾ ਦੀ ਲਹਿਰ ਪੈਦਾ ਕੀਤੀ ਹੈ। ਪੰਜਾਬ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸੇਵਾ ਮੁਕਤੀ ਦੀ ਉਮਰ 58 ਤੋਂ 60 ਸਾਲ ਕਰਨ ਜਾ ਰਹੀ ਹੈ। ਐਮਪੀ ਔਜਲਾ ਨੇ ਕਿਹਾ ਕਿ ਇਹ ਪੰਜਾਬ ਨੂੰ ਪਿੱਛੇ ਧੱਕਣ ਵਾਲਾ ਫੈਸਲਾ ਹੋਵੇਗਾ ਉਹਨਾਂ ਕਿਹਾ ਕਿ ਪੰਜਾਬ ‘ਚ ਪਹਿਲਾਂ ਹੀ ਬੇਰੁਜ਼ਗਾਰੀ ਹੈ ਤੇ ਹੁਣ ਇਹ ਹੋਰ ਵਧੇਗੀ। ਦੂਜੇ ਪਾਸੇ ਸਰਕਾਰ ਸੇਵਾ ਮੁਕਤ ਮੁਲਾਜ਼ਮਾਂ ਨੂੰ ਫੰਡ ਨਹੀਂ ਦੇਣਾ ਚਾਹੁੰਦੀ ਇਸ ਲਈ ਸਰਕਾਰ ਅਜਿਹੇ ਫੈਸਲੇ ਲੈ ਰਹੀ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਤਾਂ ਕਰਦੀ ਹੈ ਕਿ ਉਹ ਨੌਕਰੀਆਂ ਦੇ ਰਹੀ ਹੈ ਜਦਕਿ ਅਜਿਹੇ ਫੈਸਲਿਆਂ ਨਾਲ ਇਹ ਅਸਲ ਵਿੱਚ ਨੌਕਰੀਆਂ ਨੂੰ ਤਬਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਚਰਚਾ ਅਨੁਸਾਰ ਇਸ ਫੈਸਲੇ ਨੂੰ ਲਾਗੂ ਕਰਦੀ ਹੈ ਤਾਂ ਇਹ ਬੇਰੁਜ਼ਗਾਰਾਂ ਵਿੱਚ ਨਿਰਾਸ਼ਤਾ ਦੀ ਲਹਿਰ ਪੈਦਾ ਕਰੇਗਾ। ਚਰਚਾ ਇਹ ਵੀ ਹੈ ਕਿ ਸਰਕਾਰ ਸੇਵਾ ਮੁਕਤੀ ਦੀ ਉਮਰ 58 ਤੋਂ ਵਧਾ ਕੇ 60 ਸਾਲ ਕਰਨ ਦੀ ਪੂਰੀ ਤਿਆਰੀ ਕਰੀ ਬੈਠੀ ਹੈ ਪਰੰਤੂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਇਸ ਫੈਸਲੇ ਨੂੰ ਲਾਗੂ ਕਰਨ ਸਬੰਧੀ ਪਾਰਟੀ ਅੰਦਰ ਹੀ ਦੋ ਵਿਚਾਰਧਾਰਾਵਾਂ ਪੈਦਾ ਹੋ ਗਈਆਂ ਹਨ।

Gee98 Ads
error: Content is protected !!