Gee 98News

ਪਿਤਾ ਅਤੇ ਧੀ ਨੇ ਖਾਧਾ ਜ਼ਹਿਰ… ਨਾਬਾਲਿਗ ਕੁੜੀ ‘ਤੇ ਵਿਆਹ ਕਰਵਾਉਣ ਲਈ ਨੌਜਵਾਨ ਪਾ ਰਿਹਾ ਸੀ ਦਬਾਅ…ਪੁਲਿਸ ਨੇ ਸਮੇਂ ਸਿਰ ਨਹੀਂ ਕੀਤੀ ਕਾਰਵਾਈ

-ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜੋ ਸਮੇਂ ਸਿਰ ਕਾਰਵਾਈ ਨਾ ਕਰਨ ‘ਤੇ ਪੰਜਾਬ ਪੁਲਿਸ ਉੱਪਰ ਸਵਾਲ ਵੀ ਖੜੇ ਕਰ ਰਹੀ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਲੰਧਰ ਬਾਈਪਾਸ ਕਾਲੀ ਸੜਕ ਇਲਾਕੇ ਵਿੱਚ ਇੱਕ ਪਿਤਾ ਅਤੇ ਉਸਦੀ ਬੇਟੀ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ ਜਿਸ ਤੋਂ ਬਾਅਦ ਦੋਵਾਂ ਦੀ ਹਾਲਤ ਵਿਗੜ ਗਈ ਹੈ ਤੇ ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲੜਕੀ ਦੀ ਉਮਰ 16 ਕੁ ਸਾਲ ਦੱਸੀ ਜਾ ਰਹੀ ਹੈ ਤੇ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਹੈ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਲੜਕੀ ਦੇ ਪਿਤਾ ਮਨੋਜ ਨੇ ਦੱਸਿਆ ਕਿ ਇਲਾਕੇ ਦਾ ਇੱਕ ਨੌਜਵਾਨ ਉਸ ਦੀ ਬੇਟੀ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ ਤੇ ਜ਼ਬਰਦਸਤੀ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਹੈ। ਇਹ ਨੌਜਵਾਨ ਲੜਕੀ ਨੂੰ ਸਕੂਲ ਆਉਣ-ਜਾਣ ਸਮੇਂ ਵੀ ਪਰੇਸ਼ਾਨ ਕਰ ਰਿਹਾ ਹੈ ਅਤੇ ਉਸਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਸ਼ਨਿੱਚਰਵਾਰ ਸਵੇਰੇ ਥਾਣਾ ਬਸਤੀ ਜੋਧੇਵਾਲ ‘ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਪ੍ਰੰਤੂ ਇਸ ਦੇ ਬਾਵਜੂਦ ਵੀ ਅੱਜ ਸਵੇਰੇ ਉਕਤ ਨੌਜਵਾਨ ਨੇ ਉਸਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਿਸ ਤੋਂ ਬਾਅਦ ਉਹਨਾਂ ਦੁਖੀ ਹੋ ਕੇ ਜ਼ਹਿਰ ਖਾ ਲਿਆ। ਪਿਤਾ ਤੇ ਧੀ ਦੀ ਵਿਗੜਦੀ ਹਾਲਤ ਤੋਂ ਬਾਅਦ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ‌ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਪਾਰਟੀ ਨੇ ਹਸਪਤਾਲ ਪੁੱਜ ਕੇ ਪਿਤਾ ਅਤੇ ਬੇਟੀ ਦੇ ਬਿਆਨ ਦਰਜ ਕੀਤੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ‌ ਪਿਤਾ ਨੇ ਕਿਹਾ ਕਿ ਜੇਕਰ ਪੁਲਿਸ ਸ਼ਨਿੱਚਰਵਾਰ ਨੂੰ ਹੀ ਉਹਨਾਂ ਦੀ ਦਰਖ਼ਾਸਤ ‘ਤੇ ਤੁਰੰਤ ਕਾਰਵਾਈ ਕਰਦੀ ਤਾਂ ਉਹ ਇਹ ਕਦਮ ਨਾ ਚੁੱਕਦੇ, ਕਿਉਂਕਿ ਉਕਤ ਸਿਰਫਿਰੇ ਨੌਜਵਾਨ ਵੱਲੋਂ ਨਬਾਲਿਗ ਲੜਕੀ ‘ਤੇ ਵਿਆਹ ਲਈ ਦਬਾਅ ਬਣਾਇਆ ਜਾ ਰਿਹਾ ਅਤੇ ਵਿਆਹ ਨਾ ਕਰਨ ‘ਤੇ ਉਸਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ‌ਅਜਿਹੇ ਗੰਭੀਰ ਮਾਮਲੇ ‘ਤੇ ਵੀ ਕਾਰਵਾਈ ਕਰਨ ਵਿੱਚ ਪੁਲਿਸ ਨੇ ਦੋ ਦਿਨ ਲਗਾ ਦਿੱਤੇ ਜਿਸ ਤੋਂ ਬਾਅਦ ਪੀੜਤ ਨੇ ਖਤਰਨਾਕ ਕਦਮ ਚੁੱਕਿਆ।

error: Content is protected !!