Gee 98News

ਵਿਆਹ ਤੋਂ ਹਫ਼ਤਾ ਬਾਅਦ ਹੀ ਪਤੀਦੇਵ ਨੂੰ ਲੱਖਾਂ ਦਾ ਚੂਨਾ ਲਗਾ ਕੇ ਠੱਗ ਪਤਨੀ ਗੱਡੀ ਚੜੀ…ਤੇ ਪੁਲਿਸ ਨੇ ਯੂਪੀ ਤੋਂ ਫੜੀ

-ਵਿਆਹ ਤੋਂ ਕੁਝ ਦਿਨ ਬਾਅਦ ਹੀ ਪਤੀਦੇਵ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਭੱਜੀ ਠੱਗ ਪਤਨੀ ਨੂੰ ਸ਼ੇਰਪੁਰ ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਅਨੋਖੀ ਅਤੇ ਸਾਜ਼ਿਸ਼ ਭਰੀ ਠੱਗੀ ਦਾ ਸ਼ਿਕਾਰ ਹੋਏ ਸੰਗਰੂਰ ਜ਼ਿਲ੍ਹੇ ਦੇ ਬਲਾਕ ਸ਼ੇਰਪੁਰ ਦੇ ਪਿੰਡ ਰਾਮਨਗਰ ਛੰਨਾਂ ਦੇ ਸਹਿਜਪ੍ਰੀਤ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸਦਾ ਵਿਆਹ 14 ਫ਼ਰਵਰੀ 2025 ਨੂੰ ਵੀਰਪਾਲ ਕੌਰ ਪੁੱਤਰੀ ਚਮਕੌਰ ਸਿੰਘ ਜ਼ਿਲ੍ਹਾ ਬਰਨਾਲਾ ਨਾਲ ਸਿੱਖ ਰੀਤ-ਰਿਵਾਜਾਂ ਮੁਤਾਬਕ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ 21 ਫ਼ਰਵਰੀ 2025 ਨੂੰ ਉਸਦੀ ਪਤਨੀ ਵੀਰਪਾਲ ਕੌਰ ਬਿਨਾ ਦੱਸੇ ਘਰ ਦੇ ਬਾਹਰ ਆਈ ਕਾਰ ਵਿੱਚ ਬੈਠ ਕੇ ਇੱਕ ਅਣਪਛਾਤੇ ਵਿਅਕਤੀ ਨਾਲ ਚਲੀ ਗਈ। ਪਤਨੀ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਜਦੋਂ ਉਸਨੇ ਘਰ ਵਿੱਚ ਜਾਂਚ ਕੀਤੀ ਤਾਂ 7 ਲੱਖ ਰੁਪਏ ਅਤੇ 20 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਸਹਿਜਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾ ਸ਼ੇਰਪੁਰ ਵਿੱਚ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਪੁਲਿਸ ਨੇ ਠੱਗ ਪਤਨੀ ਦੀ ਭਾਲ ਸ਼ੁਰੂ ਕੀਤੀ। ਥਾਣਾ ਸ਼ੇਰਪੁਰ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਵੀਰਪਾਲ ਕੌਰ ਨੂੰ ਪੁਲਿਸ ਟੀਮ ਨੇ ਉੱਤਰਾਖੰਡ-ਯੂਪੀ ਦੀ ਸਰਹੱਦ ਨੇੜੇ ਬਿਲਾਸਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਗਹਿਣੇ ਵੀ ਬਰਾਮਦ ਕਰ ਲਏ ਹਨ। ਪੁਲਿਸ ਰਿਮਾਂਡ ਦੌਰਾਨ ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!