Gee 98News

ਸੌ ਦਿਨ ਚੋਰ ਦਾ,ਇੱਕ ਦਿਨ ਸਾਧ ਦਾ…ਪੁਲਿਸ ਨੇ ਫੜਿਆ ਨਕਲੀ IAS ਅਫ਼ਸਰ

-ਪੰਜਾਬ ਪੁਲਿਸ ਨੇ ਮੋਹਾਲੀ ਵਿੱਚ ਇੱਕ ਨਕਲੀ ਆਈਏਐਸ ਅਫ਼ਸਰ ਨੂੰ ਕਾਬੂ ਕੀਤਾ ਹੈ ਜੋ ਇਲਾਕੇ ਵਿੱਚ ਅਸਲੀ ਆਈਏਐਸ ਅਫ਼ਸਰ ਵਾਂਗ ਪੂਰੀ ਟੌਹਰ ਨਾਲ ਘੁੰਮਦਾ ਸੀ ਅਤੇ ਉਸਨੇ ਆਪਣੀ ਗੱਡੀ ਉੱਪਰ ਬਾਕਾਇਦਾ “ਭਾਰਤ ਸਰਕਾਰ” ਦੀ ਪਲੇਟ ਵੀ ਲਗਾਈ ਹੋਈ ਸੀ। ‌ ਇਸ ਨਕਲੀ ਆਈਏਐਸ ਅਫ਼ਸਰ ਦੀ ਪਹਿਚਾਣ ਰਾਜਸਥਾਨ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਰੂਪ ਵਿੱਚ ਹੋਈ ਹੈ। ਮੋਹਾਲੀ ਦੇ ਥਾਣਾ ਫੇਜ-1 ਪੁਲਿਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਦੋਸ਼ੀ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗਦਾ ਸੀ। ਪੁਲਿਸ ਨੇ ਜਦ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਤਾਂ ਉਸ ਕੋਲੋਂ ਨਕਲੀ ਆਈਡੀ ਕਾਰਡ ਤੇ ਕਈ ਹੋਰ ਸਰਕਾਰੀ ਵਿਭਾਗਾਂ ਦੇ ਜਾਅਲੀ ਦਸਤਾਵੇਜ਼ ਵੀ ਬਰਾਮਦ ਹੋਏ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਵੱਲੋਂ ਕੀਤੀ ਮੁੱਢਲੀ ਪੜ੍ਹਤਾਲ ਵਿੱਚ ਪਤਾ ਲੱਗਿਆ ਕਿ ਦੋਸ਼ੀ ਬਾਹਰਲੇ ਰਾਜਾਂ ਤੋਂ ਲੋਕਾਂ ਨੂੰ ਪੰਜਾਬ ਲਿਆ ਕੇ ਨੌਕਰੀ ਦਾ ਝਾਂਸਾ ਦੇ ਕੇ ਠੱਗਦਾ ਸੀ ਅਤੇ ਮੋਹਾਲੀ ਆ ਕੇ ਮਹਿੰਗੇ ਹੋਟਲਾਂ ਵਿੱਚ ਠਹਿਰਦਾ ਸੀ। ‌ ਉਹ ਆਪਣੇ ਨਾਲ ਲਿਆਂਦੇ ਲੋਕਾਂ ਸਾਹਮਣੇ ਆਪਣੇ ਪ੍ਰਭਾਵਸ਼ਾਲੀ ਸਬੰਧਾਂ ਦਾ ਦਿਖਾਵਾ ਕਰਦਾ ਸੀ ਜਿਸ ਕਰਕੇ ਉਸ ਉਪਰ ਕੋਈ ਸ਼ੱਕ ਨਹੀਂ ਕਰਦਾ ਸੀ ਪ੍ਰੰਤੂ ਇਸ ਵਾਰ ਇੱਕ ਮਹਿੰਗੇ ਹੋਟਲ ‘ਚ ਠਹਿਰਨ ਮੌਕੇ ਉਸਦੇ ਵਿਵਹਾਰ ਨੇ ਉਹਨੂੰ ਫਸਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਹੋਟਲ ਵਿੱਚ ਉਹ ਠਹਿਰਿਆ ਹੋਇਆ ਸੀ ਉੱਥੇ ਉਹ ਆਪਣੇ ਨਾਲ ਕੁਝ ਲੋਕਾਂ ਨੂੰ ਵੀ ਲੈ ਕੇ ਆਇਆ ਸੀ ਉਹਨਾਂ ਲੋਕਾਂ ਨਾਲ ਦੋਸ਼ੀ ਦੀ ਕਿਸੇ ਗੱਲੋਂ ਬਹਿਸ ਹੋ ਗਈ ਜਿਸ ਤੋਂ ਬਾਅਦ ਹੋਟਲ ਦੇ ਕਰਮਚਾਰੀਆਂ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਹੋਟਲ ਸਟਾਫ਼ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ। ਹੋਟਲ ‘ਚ ਜਦ ਮੌਕੇ ‘ਤੇ ਪੁਲਿਸ ਪਹੁੰਚੀ ਤਾਂ ਬਹਿਸ ਦੇ ਕਾਰਨ ਦੀ ਪੜ੍ਹਤਾਲ ਦੌਰਾਨ ਦੋਸ਼ੀ ਦਾ ਭਾਂਡਾ ਭੰਨਿਆ ਗਿਆ। ‌ ਦੱਸ ਦੇਈਏ ਕਿ ਦੋਸ਼ੀ ਬਹੁਤ ਹੀ ਚਲਾਕ ਕਿਸਮ ਦਾ ਵਿਅਕਤੀ ਹੈ ਜੋ ਪੂਰੀ ਯੋਜਨਾਬੱਧ ਤਰੀਕੇ ਨਾਲ ਠੱਗੀ ਮਾਰਦਾ ਸੀ। ‌ ਦੋਸ਼ੀ ਸਰੀਰਕ ਤੌਰ ‘ਤੇ ਦਿਵਿਆਂਗ ਹੈ ਅਤੇ ਉਸ ਨੂੰ ਚਲਣ ਫਿਰਨ ਵਿੱਚ ਵੀ ਸਮੱਸਿਆ ਆਉਂਦੀ ਹੈ ਜਿਸ ਦੀ ਉਮਰ ਕਰੀਬ 30 ਤੋਂ 35 ਸਾਲ ਦੇ ਵਿਚਕਾਰ ਹੈ। ‌ ਪੁਲਿਸ ਦੀ ਪੜ੍ਹਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜਿਸ ਗੱਡੀ ਵਿੱਚ ਉਹ ਆਇਆ ਸੀ ਉਹ ਵੀ ਉਹਦੀ ਆਪਣੀ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਦੀ ਹੈ।

error: Content is protected !!