Skip to main content

Gee 98News

ਬਰਨਾਲਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕੀਤਾ ਬਾਈਕਾਟ…ਗੁਰੂ ਘਰਾਂ ‘ਚ ਕੋਈ ਸਨਮਾਨ ਨਹੀਂ ਦਿੱਤਾ ਜਾਵੇਗਾ

‌-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਜਬਰੀ ਹਟਾਉਣ ਸਬੰਧੀ ਰੋਸ ਦਾ ਸੇਕ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਬੀਤੇ ਕੱਲ੍ਹ ਬਰਨਾਲਾ ਵਿਖੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਤੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅੰਤਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਦੇ ਘਰ ਅੱਗੇ ਧਰਨਾ ਲਗਾਇਆ ਤੇ ਅੱਜ ਬਰਨਾਲਾ ਦੀਆਂ ਵੱਡੀ ਗਿਣਤੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਵਿਖੇ ਇੱਕ ਇਕੱਤਰਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਇਸ ਪ੍ਰਭਾਵਸ਼ਾਲੀ ਇਕੱਤਰਤਾ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ 28 ਮਾਰਚ ਦੇ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦੀ ਵਿਰੋਧਤਾ ਨਾ ਕੀਤੀ ਤਾਂ ਗੁਰੂ ਘਰਾਂ ਵਿੱਚ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਸੇ ਵੀ ਸਮਾਗਮ ‘ਤੇ ਨਹੀਂ ਬੁਲਾਇਆ ਜਾਵੇਗਾ ਤੇ ਨਾ ਹੀ ਕੋਈ ਸਨਮਾਨ ਦਿੱਤਾ ਜਾਵੇਗਾ। ਕੁੱਲ ਮਿਲਾ ਕੇ ਸਥਿਤੀ ਉਹੋ ਜਿਹੀ ਬਣਦੀ ਜਾ ਰਹੀ ਹੈ ਜਿਵੇਂ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਆਗੂਆਂ ਦਾ ਘਿਰਾਓ ਕਰਨਾ ਸ਼ੁਰੂ ਕੀਤਾ ਸੀ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਗਾ ਦਿੱਤੇ ਸਨ। ਅੱਜ ਬਰਨਾਲਾ ਵਿੱਚ ਗੁਰਦੁਆਰਾ ਕਮੇਟੀਆਂ ਦੀ ਇਸ ਇਕੱਤਰਤਾ ਵਿੱਚ ਆਗੂਆਂ ਦੇ ਤੇਵਰਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਲਈ ਮੁਸ਼ਕਲਾ ਭਰਿਆ ਹੋਵੇਗਾ, ਜਿਵੇਂ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਜਨਤਕ ਸਮਾਗਮਾਂ ‘ਚ ਸਮੂਲੀਅਤ ਸਮੇਂ ਇਹਨਾਂ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਵੀ ਲਗਾਏ ਜਾ ਸਕਦੇ ਹਨ। ਇਕੱਤਰਤਾ ਵਿੱਚ ਸਿੱਖ ਸੰਗਤ ਨੂੰ ਮਤਾ ਪਾ ਕੇ ਅਪੀਲ ਵੀ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਗਲਤ ਫੈਸਲਿਆਂ ਨੂੰ ਬਦਲਾਉਣ ਲਈ ਸਮੇਂ ਦੀ ਲੋੜ ਅਨੁਸਾਰ ਇਕੱਠਾ ਹੋ ਕੇ ‌ਹੰਭਲਾ ਮਾਰਿਆ ਜਾਵੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ ਪ੍ਰਬੰਧਕ ਕਮੇਟੀਆਂ ਦੀ ਇਸ ਇਕੱਤਰਤਾ ਨੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੰਕੇਤਿਕ ਚੇਤਾਵਨੀ ਦਿੱਤੀ ਹੈ। ਇਸ ਇਕੱਤਰਤਾ ਵਿੱਚ ਬਰਨਾਲਾ ਸ਼ਹਿਰ ਦੇ ਕਈ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਚੰਗੇ ਪ੍ਰਭਾਵਸ਼ਾਲੀ ਚਿਹਰੇ ਸ਼ਾਮਿਲ ਹੋਏ, ਜਿਹੜੇ ਸਮਾਜ ਵਿੱਚ ਆਪਣਾ ਚੰਗਾ ਆਧਾਰ ਰੱਖਦੇ ਹਨ।

Gee98 Ads
error: Content is protected !!