— ਔਰਤਾਂ ਨੂੰ 1000 ਦੀ ਗਰੰਟੀ ਸਬੰਧੀ ਕੀ ਕਹਿੰਦਾ ਹੈ ਬਜਟ ?
ਚੰਡੀਗੜ੍ਹ,26 ਮਾਰਚ, Gee98 News service
-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਚੀਮਾ ਨੇ “ਮੇਰਾ ਪੰਜਾਬ ਬਦਲਦਾ ਪੰਜਾਬ” ਥੀਮ ਤੇ 2.36 ਲੱਖ ਕਰੋੜ ਦਾ ਬਜਟ ਪੇਸ਼ ਕੀਤਾ, ਜੋ ਆਪ ਸਰਕਾਰ ਦੇ ਪਿਛਲੇ ਬਜਟ ਤੋਂ 15 ਫੀਸਦੀ ਜ਼ਿਆਦਾ ਹੈ। ਆਪ ਸਰਕਾਰ ਨੇ ਇਸ ਵਾਰ ਆਪਣੇ ਬਜਟ ਵਿੱਚ ਲੋਕਾਂ ਲਈ ਕੋਈ ਟੈਕਸ ਨਹੀਂ ਲਗਾਇਆ ਅਤੇ ਕੁਝ ਸਹੂਲਤਾਂ ਵੀ ਲੋਕਾਂ ਨੂੰ ਦਿੱਤੀਆਂ ਗਈਆਂ ਹਨ ਪਰੰਤ ਵਿਧਾਨ ਸਭਾ ਚੋਣਾਂ ਮੌਕੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਇਸ ਬਜਟ ਵਿੱਚ ਵੀ ਪੂਰੀ ਨਹੀਂ ਕੀਤੀ ਗਈ। ਭਗਵੰਤ ਮਾਨ ਸਰਕਾਰ ਨੇ ਆਪਣੇ ਇਸ ਚੌਥੇ ਬਜਟ ਵਿੱਚ ਨਸ਼ੇ ਦੇ ਮੁੱਦੇ ‘ਤੇ ਜ਼ਿਆਦਾ ਫੋਕਸ ਰੱਖਿਆ ਹੈ। ਸਰਕਾਰ 150 ਕਰੋੜ ਰੁਪਏ ਦੇ ਨਾਲ ਡਰੱਗ ਜਨਗਣਨਾ ਕਰਵਾਏਗੀ ਭਾਵ ਕਿ ਸਰਕਾਰ ਪੰਜਾਬ ‘ਚ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ ਕਰੇਗੀ। ਇਸ ਦੇ ਨਾਲ ਹੀ ਬਜਟ ਵਿੱਚ ਸਿਹਤ ਬੀਮਾ ਕਵਰ ਯੋਜਨਾ ਦੇ ਤਹਿਤ ਲਗਭਗ 65 ਹਜ਼ਾਰ ਪਰਿਵਾਰਾਂ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ ਜੋ ਪਹਿਲਾਂ ਪੰਜ ਲੱਖ ਰੁਪਏ ਤੱਕ ਸੀ। ਸਰਕਾਰ ਨੇ ਇੰਡਸਟਰੀ ਲਈ ਨਵੀਂ ਪਾਲਿਸੀ ਲਿਆਉਣ ਦਾ ਐਲਾਨ ਕੀਤਾ ਜਿਸ ਲਈ 250 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ 300 ਯੂਨਿਟ ਮੁਫਤ ਬਿਜਲੀ ਦੀ ਯੋਜਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਲਈ ਬਜਟ ਵਿੱਚ 7614 ਕਰੋੜ ਰੁਪਏ ਰੱਖੇ ਗਏ ਹਨ। ਇੱਕ ਵੱਡੇ ਐਲਾਨ ਵਿੱਚ ਆਪਸਰਕਾਰ ਨੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤੀ ਨਿਗਮ ਤੋਂ ਲਏ ਗਏ ਕਰਜ਼ੇ ਮਾਫ ਕਰਨ ਦਾ ਫੈਸਲਾ ਕੀਤਾ, ਇਸ ਨਾਲ ਸੂਬੇ ਦੇ 4650 ਲਾਭਪਾਤਰੀਆਂ ਨੂੰ ਫਾਇਦਾ ਹੋਵੇਗਾ। ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਸਕੀਮ ਦੇ ਲਈ 585 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਵਾਰ ਬਜਟ ਵਿੱਚ ਸੀਐਮ ਸਟਰੀਟ ਲਾਈਟ ਯੋਜਨਾ ਦਾ ਐਲਾਨ ਵੀ ਕੀਤਾ ਗਿਆ ਜਿਸ ਤਹਿਤ ਢਾਈ ਲੱਖ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਆਪਣੇ ਚੌਥੇ ਬਜਟ ਵਿੱਚ ਆਪ ਸਰਕਾਰ ਨੇ ਸੂਬੇ ਦੇ ਹਰੇਕ ਪਿੰਡ ਵਿੱਚ ਖੇਡ ਮੈਦਾਨ ਅਤੇ 3 ਇਨਡੋਰ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਹੈ। ਇੱਕ ਹੋਰ ਅਹਿਮ ਫੈਸਲੇ ਵਿੱਚ ਸਰਕਾਰ ਨੇ ਵਿਧਾਇਕਾਂ ਨੂੰ ਵਿਧਾਨ ਸਭਾ ਹਲਕਾ ਵਿਕਾਸ ਲਈ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਇਲਾਵਾ 406 ਅਜਿਹੀਆਂ ਸਰਕਾਰੀ ਸੇਵਾਵਾਂ ਜਿਨਾਂ ਲਈ ਪਹਿਲਾਂ 120 ਰੁਪਏ ਫੀਸ ਦੇਣੀ ਪੈਂਦੀ ਸੀ ਹੁਣ ਉਹਨਾਂ ਦੀ ਫੀਸ ਸਿਰਫ 50 ਰੁਪਏ ਹੋਵੇਗੀ। ਇਸ ਵਾਰ ਦੇ ਬਜਟ ਵਿੱਚ ਸਰਕਾਰ ਨੇ ਵਿਧਵਾ ਔਰਤਾਂ ਲਈ 6175 ਕਰੋੜ ਰੁਪਏ ਰੱਖੇ ਹਨ ਅਤੇ ਅਸ਼ੀਰਵਾਦ ਸਕੀਮ ਲਈ 360 ਕਰੋੜ ਰੁਪਏ ਰੱਖੇ ਹਨ। ਸੂਬੇ ‘ਚ ਔਰਤਾਂ ਨੂੰ ਦਿੱਤੀ ਜਾਂਦੀ ਮੁਫ਼ਤ ਬੱਸ ਸਫ਼ਰ ਦੇ ਲਈ 450 ਕਰੋੜ ਰੁਪਏ ਰੱਖੇ ਗਏ ਹਨ। ਸਿੱਖਿਆ ਦੇ ਖੇਤਰ ਵਿੱਚ 425 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਚ ਬਦਲਿਆ ਜਾਵੇਗਾ ਅਤੇ 4098 ਸਰਕਾਰੀ ਸਕੂਲਾਂ ਦਾ ਨਵੀਨੀਕਰਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਸਕੂਲਾਂ ‘ਚ ਐਨੀਮੇਸ਼ਨ ਅਤੇ ਡਿਜੀਟਲ ਸਿਸਟਮ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਵਾਰ ਦੇ ਬਜਟ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਦੀ ਖੇਤੀ ਲਈ 17,500 ਪ੍ਰਤੀ ਏਕੜ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਗਿਆ ਅਤੇ ਪਰਾਲੀ ਦੇ ਪ੍ਰਬੰਧਨ ਲਈ 500 ਕਰੋੜ ਰੁਪਏ ਰੱਖੇ ਗਏ ਹਨ। ਆਪ ਸਰਕਾਰ ਦੇ ਚੌਥੇ ਬਜਟ ‘ਤੇ ਜੇਕਰ ਮੋਟੀ ਜਿਹੀ ਨਜ਼ਰ ਮਾਰੀ ਜਾਵੇ ਤਾਂ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ 17975 ਕਰੋੜ, ਸਿਹਤ ਲਈ 5598 ਕਰੋੜ, ਖੇਡਾਂ ਲਈ 979 ਕਰੋੜ, ਖੇਤੀ ਲਈ 4524 ਕਰੋੜ, ਸਮਾਜਿਕ ਨਿਆਂ ਤੇ ਕਲਿਆਣ ਲਈ 9340 ਕਰੋੜ, ਬਿਜਲੀ ਲਈ 7614 ਕਰੋੜ, ਸ਼ਹਿਰੀ ਵਿਕਾਸ ਲਈ 5983 ਕਰੋੜ, ਗ੍ਰਹਿ ਵਿਭਾਗ ਲਈ 11560 ਕਰੋੜ, ਜਲ ਸੇਵਾਵਾਂ ਲਈ 3246 ਕਰੋੜ, ਸੱਭਿਆਚਾਰਕ ਮਾਮਲੇ ਲਈ 204 ਕਰੋੜ ਰੁਪਏ ਰੱਖੇ ਹਨ। ਇਸ ਵਾਰ ਦੇ ਬਜਟ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਬਦਲਾਅ ਲਈ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਹੈ ਇਸ ਲਈ ਅੱਜ ਦੇ ਬਜਟ ਨੂੰ ਬਦਲਦਾ ਪੰਜਾਬ ਦਾ ਨਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਬਦਲਾਵ ਲਗਾਤਾਰ ਜਾਰੀ ਹੈ। ਅੱਜ ਦਾ ਬਜਟ ਹਰ ਖੇਤਰ ਵਿੱਚ ਚੰਗਾ ਰਿਹਾ ਹੈ, ਪਿਛਲੇ ਤਿੰਨ ਸਾਲ ‘ਚ ਹਰ ਖੇਤਰ ‘ਚ ਉਹਨਾਂ ਦੀ ਸਰਕਾਰ ਨੇ ਤਰੱਕੀ ਕੀਤੀ ਹੈ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਸਿਰਫ਼ ਝੂਠ ਹੀ ਬੋਲਿਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦਾ ਕੋਈ ਵਿਜ਼ਨ ਨਹੀਂ ਹੈ, ਪਹਿਲਾਂ ਦਿੱਲੀ ‘ਚ ਵੀ ਅਜਿਹਾ ਝੂਠ ਚਲਦਾ ਰਿਹਾ ਤੇ ਹੁਣ ਪੰਜਾਬ ‘ਚ ਵੀ ਝੂਠ ਚੱਲ ਰਿਹਾ ਹੈ।