ਚੰਡੀਗੜ੍ਹ, 29 ਮਾਰਚ, Gee98 News service
-ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਹੁਣ ਹਫ਼ਤੇ ‘ਚ ਚਾਰ ਦਿਨ ਪਿੰਡਾਂ ਵਿੱਚ ਘੁੰਮਿਆ ਕਰਨਗੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਸ਼ਨੀਵਾਰ, ਐਤਵਾਰ, ਸੋਮਵਾਰ, ਮੰਗਲਵਾਰ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਪਿੰਡਾਂ ਦਾ ਦੌਰਾ ਕਰਨਗੇ ਅਤੇ ਇੱਕ ਦਿਨ ਵਿੱਚ ਤਿੰਨ ਤੋਂ ਚਾਰ ਪਿੰਡ ਕਵਰ ਕਰਨਗੇ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਪਿੰਡ ਵਾਸੀਆਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਨਗੇ, ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਗੇ ਅਤੇ ਪਿੰਡ ਪੱਧਰ ਦੇ ਸਰਕਾਰੀ ਕਰਮਚਾਰੀਆਂ, ਜਿਨ੍ਹਾਂ ਵਿੱਚ ਅਧਿਆਪਕਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਆਦਿ ਸ਼ਾਮਲ ਹਨ, ਦੀ ਕਾਰਗੁਜ਼ਾਰੀ ‘ਤੇ ਖੁਦ ਫੀਡਬੈਕ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੌਰਿਆਂ ਦੌਰਾਨ ਅਧਿਕਾਰੀ ਪਿੰਡ ਵਾਸੀਆਂ ਨੂੰ ਆਪਣੇ ਪਿੰਡਾਂ ਵਿੱਚ ਸਫ਼ਾਈ ਬਣਾਈ ਰੱਖਣ, ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਸਮਰਥਨ ਵਾਸਤੇ ਮਹੱਤਵਪੂਰਨ ਜਾਣਕਾਰੀ ਪ੍ਰਸਾਰਿਤ ਕਰਨ ਦੇ ਨਾਲ-ਨਾਲ ਖੇਡਾਂ ਅਤੇ ਸਮਾਜਿਕ ਵਿਕਾਸ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਨਗੇ। ਡਿਪਟੀ ਕਮਿਸ਼ਨਰ ਨੇ ਜਿਹੜੇ ਪਿੰਡ ਵਿੱਚ ਜਾਣਾ ਹੋਵੇਗਾ, ਪਹਿਲਾਂ ਤੋਂ ਵੀ ਇਸ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਸੂਚਨਾ ਦਿੱਤੀ ਜਾਵੇਗੀ। ਆਪਣੇ ਇਹਨਾਂ ਪੇਂਡੂ ਦੌਰਿਆਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਤਿਆਰ ਕਰਕੇ ਵਿਭਾਗ ਦੇ ਮੁੱਖ ਸਕੱਤਰ ਨੂੰ ਭੇਜੇਗਾ ਜਿਸ ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ, ਉਹਨਾਂ ਦੇ ਹੱਲ ਲਈ ਕੀਤੀਆਂ ਗਈਆਂ ਕਾਰਵਾਈਆਂ ਅਤੇ ਸੁਝਾਏ ਗਏ ਹੋਰ ਉਪਾਅ ਦਾ ਵੇਰਵਾ ਸ਼ਾਮਿਲ ਹੋਵੇਗਾ। ਦੂਜੇ ਪਾਸੇ ਸਰਕਾਰ ਦੇ ਇਸ ਫੈਸਲੇ ‘ਤੇ ਸ਼ੋਸਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਹਫ਼ਤੇ ਦੇ ਪਹਿਲੇ ਵਰਕਿੰਗ ਦਿਨਾਂ ਦੌਰਾਨ ਜ਼ਿਲ੍ਹਾ ਹੈੱਡਕੁਆਰਟਰ ‘ਤੇ ਕੰਮਕਾਰ ਵਾਲੇ ਲੋਕਾਂ ਵੀ ਜ਼ਿਆਦਾ ਆਮਦ ਹੁੰਦੀ ਹੈ।ਇਹਨਾਂ ਦਿਨਾਂ ਦੌਰਾਨ ਜੇਕਰ ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਇੱਕ ਦੋ ਪਿੰਡਾਂ ਵਿੱਚ ਸਾਰਾ ਦਿਨ ਜਾਣਗੇ ਤਾਂ ਜ਼ਿਲ੍ਹਾ ਹੈਡ ਕੁਆਰਟਰ ‘ਤੇ ਆਉਣ ਵਾਲੇ ਲੋਕ ਖੱਜਲ ਖੁਆਰ ਹੋਣਗੇ, ਕਿਉਂਕਿ ਡਿਪਟੀ ਕਮਿਸ਼ਨਰ ਆਪਣੇ ਨਾਲ ਹੋਰ ਅਧਿਕਾਰੀਆਂ/ਮੁਲਾਜ਼ਮਾਂ ਦਾ ਅਮਲਾ ਵੀ ਲੈ ਕੇ ਜਾਣਗੇ ਜਿਸ ਨਾਲ ਬਹੁਤੇ ਦਫ਼ਤਰ ਖਾਲੀ ਰਹਿਣਗੇ। ਦਰਅਸਲ ! ਦਿੱਲੀ ‘ਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਾਰਾ ਧਿਆਨ ਪੰਜਾਬ ਵੱਲ ਹੈ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਇਕਦਮ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ, ਇਹਨਾਂ ਬਹੁਤੀਆਂ ਸਰਗਰਮੀਆਂ ਵਿੱਚੋਂ ਕੁਝ ਅਜਿਹੀਆਂ ਵੀ ਹਨ ਜਿਹੜੀਆਂ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੀਆਂ ਹੀ ਹਨ ਕਿਉਂਕਿ ਪੇਂਡੂ ਦੌਰਿਆਂ ਦੌਰਾਨ ਅਧਿਕਾਰੀ ਪ੍ਰਾਪਤ ਹੋਈ ਇਹਨਾਂ ਦਰਖਾਸਤਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ ਅਤੇ ਇਹਨਾਂ ਦਰਖ਼ਾਸਤਾਂ ‘ਤੇ ਕਾਰਵਾਈ ਸਬੰਧੀ ਲੋਕਾਂ ਨੂੰ ਫਿਰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨੇ ਪੈਂਦੇ ਹਨ। ਇਸ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨ ਹੁੰਦੇ ਹਨ ਅਤੇ ਇਹਨਾਂ ਛੁੱਟੀ ਵਾਲੇ ਦਿਨਾਂ ‘ਚ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ/ਮੁਲਾਜ਼ਮ ਡਿਊਟੀ ਕਰਨ ਤੋਂ ਕਤਰਾਉਣਗੇ, ਜੇਕਰ ਸਰਕਾਰੀ ਹੁਕਮਾਂ ਅਨੁਸਾਰ ਕਰਨਗੇ ਵੀ ਤਾਂ ਨਤੀਜਿਆਂ ਦੀ ਸਾਰਥਿਕਤਾ ਯਕੀਨੀ ਨਹੀਂ ਮੰਨੀ ਜਾ ਸਕਦੀ।