ਚੰਡੀਗੜ੍ਹ,15 ਅਪ੍ਰੈਲ, Gee98 News service
-ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਭ ਤੋਂ ਅਮੀਰ ਵਿਧਾਇਕ ਦੇ ਘਰ ਅਤੇ ਕਾਰੋਬਾਰੀ ਟਿਕਾਣਿਆਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਈਡੀ ਦੀ ਟੀਮ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਉਸ ਨਾਲ ਜੁੜੇ ਵੱਖ-ਵੱਖ ਸਥਾਨਾਂ ਦੀ ਤਲਾਸ਼ੀ ਲੈ ਰਹੀ ਹੈ। ਈਡੀ ਦੀ ਦਿੱਲੀ ਯੂਨਿਟ ਦੀਆਂ ਟੀਮਾਂ ਸਥਾਨਕ ਪੁਲਿਸ ਦੇ ਨਾਲ ਸਵੇਰੇ ਮੋਹਾਲੀ ਦੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (JLPL) ਖੇਤਰ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਆਲੀਸ਼ਾਨ ਘਰ ਪਹੁੰਚੀਆਂ। JLPL ਕੁਲਵੰਤ ਸਿੰਘ ਦੀ ਰੀਅਲ ਅਸਟੇਟ ਕੰਪਨੀ ਹੈ। ਈਡੀ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਇਸ ਸਮੇਂ ਘਰ ਨਹੀਂ ਹਨ, ਪਰ ਕੇਂਦਰੀ ਏਜੰਸੀ ਦੀ ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਈਡੀ ਦੇ ਸੂਤਰਾਂ ਅਨੁਸਾਰ, ਇਹ ਛਾਪਾ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (PACL) ਵਿੱਚ ਹੋਏ ਘੁਟਾਲੇ ਨਾਲ ਸਬੰਧਤ ਹੈ। ਇਹ ਦੋਸ਼ ਹੈ ਕਿ ਪੀਏਸੀਐਲ ਦੇ ਡਾਇਰੈਕਟਰਾਂ ਨੇ ਕਈ ਥਾਵਾਂ ‘ਤੇ ਸਥਿਤ ਜਾਅਲੀ ਕੰਪਨੀਆਂ ਨੂੰ ਟ੍ਰਾਂਸਫਰ ਕਰਕੇ ਨਿਵੇਸ਼ਕਾਂ ਦੇ ਪੈਸੇ ਨੂੰ ਕਥਿਤ ਤੌਰ ‘ਤੇ ਗਬਨ ਕੀਤਾ ਸੀ। ਇਹ ਪੈਸਾ ਫਿਰ ਨਕਦੀ ਵਿੱਚ ਕਢਵਾਇਆ ਗਿਆ ਅਤੇ PACL ਦੇ ਮੁੱਖ ਸਹਿਯੋਗੀਆਂ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਹਵਾਲਾ ਰਾਹੀਂ ਭਾਰਤ ਤੋਂ ਬਾਹਰ ਦੀਆਂ ਕੰਪਨੀਆਂ ਨੂੰ ਜਾਇਦਾਦਾਂ ਖਰੀਦਣ ਲਈ ਟ੍ਰਾਂਸਫਰ ਕੀਤਾ ਗਿਆ,ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ 48 ਹਜ਼ਾਰ ਕਰੋੜ ਦੇ ਫਰਾਡ ਨਾਲ ਜੁੜਿਆ ਹੋਇਆ ਹੈ। ਕੁਲਵੰਤ ਸਿੰਘ ਮੋਹਾਲੀ ਤੋਂ ‘ਆਪ’ ਵਿਧਾਇਕ ਹਨ। ਉਹ ਪੇਸ਼ੇ ਤੋਂ ਵਪਾਰੀ ਹੈ। ਕੁਲਵੰਤ ਸਿੰਘ ਇਸ ਸਮੇਂ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਹਨ ਤੇ ਉਨ੍ਹਾਂ ਦਾ ਟਰਨਓਵਰ 1500 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਦੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਈ ਜਾਇਦਾਦਾਂ ਹਨ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਇੱਕ ਹਨ। ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚ ਉਨ੍ਹਾਂ ਦਾ ਨਾਂ ਸਭ ਤੋਂ ਉੱਪਰ ਹੈ।