Skip to main content

Gee 98News

ਕੁੜੀਆਂ ਨਾਲ ਛੇੜਖਾਨੀ ਕਰਨ ਦੇ ਕੇਸ ਵਿੱਚੋਂ ਅਧਿਆਪਕ ਬਾਇੱਜ਼ਤ ਬਰੀ

-ਬਰਨਾਲਾ ਦੀ ਇੱਕ ਅਦਾਲਤ ਨੇ ਇੱਕ ਸਾਇੰਸ ਟੀਚਰ ਨੂੰ ਵਿਦਿਆਰਥਣਾਂ ਨਾਲ ਛੇੜਖਾਨੀ ਕਰਨ ਅਤੇ ਗਲਤ ਸ਼ਬਦਾਵਲੀ ਵਰਤਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ।‌‌ ਸਾਲ 2020 ‘ਚ ਉਸ ਵੇਲੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸਰਬਜੀਤ ਸਿੰਘ ਤੂਰ ਵੱਲੋਂ ਥਾਣਾ ਟੱਲੇਵਾਲ ‘ਚ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਅਧਿਆਪਕ ਹਰਮੀਤ ਸਿੰਘ ਪੁੱਤਰ ਮਲਕੀਤ ਸਿੰਘ ਵੱਲੋਂ ਪੜਾਉਂਦੇ ਸਮੇਂ ਬੱਚਿਆਂ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਲੜਕੀਆਂ ਨਾਲ ਗ਼ਲਤ ਹਰਕਤਾਂ ਕੀਤੀਆਂ ਜਾਂਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਦਰਖਾਸਤ ਦੇ ਅਧਾਰ ‘ਤੇ ਥਾਣਾ ਟੱਲੇਵਾਲ ‘ਚ ਅਧਿਆਪਕ ਹਰਮੀਤ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਅਦਾਲਤ ਹੀ ਸੁਣਵਾਈ ਤਹਿਤ ਬਚਾਅ ਪੱਖ ਦੇ ਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਸ੍ਰੀ ਅਨੂਪਮ ਗੁਪਤਾ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਵੱਲੋਂ ਅਧਿਆਪਕ ਹਰਮੀਤ ਸਿੰਘ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਐਡਵੋਕੇਟ ਧੀਰਜ ਕੁਮਾਰ ਨੇ ਦਲੀਲਾਂ ਦਿੱਤੀਆਂ ਕਿ ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਕਿਸੇ ਵੀ ਬੱਚੇ ਨੇ ਅਦਾਲਤ ਵਿੱਚ ਆ ਕੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਤੇ ਨਾ ਹੀ ਕਿਸੇ ਵੀ ਅਧਿਆਪਕ ਜਾਂ ਬੱਚੇ ਨੇ ਦੱਸਿਆ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ ਅਤੇ ਕਦੋਂ ਕੀਤੀ ਗਈ ਸੀ।

error: Content is protected !!