Gee 98News

ਅਹਿਮ ਖ਼ਬਰ…PGI ਚੰਡੀਗੜ੍ਹ ‘ਚ 3 ਕਰੋੜ 44 ਲੱਖ ਦਵਾਈਆਂ ਦੀ ਸਟੋਰ ‘ਚ ਪਈਆਂ ਦੀ ਮਿਆਦ ਲੰਘ ਗਈ….!

-ਇੱਕ ਪਾਸੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਨਾ ਮਿਲਣ ਕਾਰਨ ਲੋਕਾਂ ਨੂੰ ਮਹਿੰਗੇ ਰੇਟ ‘ਤੇ ਬਾਹਰੋਂ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ ਪਰੰਤੂ ਦੂਜੇ ਪਾਸੇ ਪੀਜੀਆਈ ਚੰਡੀਗੜ੍ਹ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀਜੀਆਈ ਚੰਡੀਗੜ੍ਹ ਦੇ ਫਾਰਮੇਸੀ ਸਟੋਰ ਵਿੱਚ 3 ਕਰੋੜ 44 ਲੱਖ ਰੁਪਏ‌ ਦੀਆਂ ਦਵਾਈਆਂ ਪਈਆਂ ਹੀ ਰਹਿ ਗਈਆਂ ਜਿਨਾਂ ਦੀ ਮਿਆਦ ਲੰਘ ਗਈ। ਕੁਝ ਦਿਨ ਪਹਿਲਾਂ ਪੀਜੀਆਈ ਗਵਰਨਿੰਗ ਬਾਡੀ ਦੀ ਹੋਈ ਮੀਟਿੰਗ ਵਿੱਚ ਇਹਨਾਂ 3 ਕਰੋੜ 44 ਲੱਖ ਦੀਆਂ ਮਿਆਦ ਲੰਘੀਆਂ ਦਵਾਈਆਂ ਨੂੰ ਰਾਈਟ ਆਫ਼ ਕਰਨ (ਹਟਾਉਣ) ‘ਤੇ ਚਰਚਾ ਹੋਈ। ‌ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਦਵਾਈਆਂ ਦੀ 2023 ਤੋਂ ਲੈ ਕੇ ਦਸੰਬਰ 2024 ਦੇ ਵਿਚਕਾਰ ਮਿਆਦ ਲੰਘੀ ਹੈ। ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਸ ਮਾਮਲੇ ‘ਤੇ ਪੂਰੀ ਵਿਚਾਰ ਕੀਤੀ ਜਾਵੇ ਤੇ ਇਸ ਦੀ ਜਾਂਚ ਰਿਪੋਰਟ ਸਟੈਂਡਿੰਗ ਫਾਈਨੈਂਸ ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਜਾਵੇ ਤਾਂ ਕਿ ਦਵਾਈਆਂ ਦੀ ਮਿਆਦ ਲੰਘਣ ਨਾਲ ਪੂਰੇ ਵਿੱਤੀ ਨੁਕਸਾਨ ਦਾ ਜਾਇਜ਼ਾ ਲਗਾਇਆ ਜਾ ਸਕੇ। ਦਰਅਸਲ ਇਹ ਮਾਮਲਾ ਸਿਰਫ ਦਵਾਈਆਂ ਦੀ ਮਿਆਦ ਲੰਘਣ ਤੱਕ ਹੀ ਸੀਮਤ ਨਹੀਂ ਸਗੋਂ ਦਵਾਈਆਂ ਸਟੋਰ ਕਰਨ, ਮੰਗਵਾਉਣ ਅਤੇ ਵੱਖ ਵੱਖ ਵਿਭਾਗਾਂ ਤੱਕ ਪਹੁੰਚਾਉਣ ਦੀ ਵਿਵਸਥਾ ਵਿੱਚ ਖ਼ਾਮੀਆਂ ਨੂੰ ਵੀ ਉਜਾਗਰ ਕਰਦਾ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੀਜੀਆਈ ਵਿੱਚ ਇਸ ਤਰ੍ਹਾਂ ਦਵਾਈਆਂ ਦੀ ਬਰਬਾਦੀ ਰੋਕਣ ਲਈ ਦਵਾਈਆਂ ਦੀ ਪ੍ਰਬੰਧਨ ਪ੍ਰਣਾਲੀ ਵਿੱਚ ਸੁਧਾਰ ਜ਼ਰੂਰੀ ਹੈ। ਪੀਜੀਆਈ ਵੱਲੋਂ ਹੁਣ ਇਹਨਾਂ 3 ਕਰੋੜ 44 ਲੱਖ ਦੀਆਂ ਮਿਆਦ ਲੰਘੀਆਂ ਦਵਾਈਆਂ ਨੂੰ ਮੈਡੀਕਲ ਵੇਸਟ ਮੰਨਦੇ ਹੋਏ ਹਟਾ ਦਿੱਤਾ ਜਾਵੇਗਾ ਅਤੇ ਇਸ ਰਕਮ ਨੂੰ ਪੀਜੀਆਈ ਦੇ ਅਕਾਊਂਟ ਵਿੱਚ ਘਾਟੇ ਵਜੋਂ ਐਡਜਸਟ ਕੀਤਾ ਜਾਵੇਗਾ।

error: Content is protected !!