Gee 98News

ਬਰਨਾਲਾ ‘ਚ ਕਰੋੜਾਂ ਦੇ ਪਲਾਟ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚ ਦਿੱਤੇ…ਚਾਰ ਜਣਿਆਂ ਖਿਲਾਫ ਮਾਮਲਾ ਦਰਜ

-ਬਰਨਾਲਾ ‘ਚ ਇੱਕ ਬਜ਼ੁਰਗ ਨਾਲ ਚਾਰ ਵਿਅਕਤੀਆਂ ਵੱਲੋਂ ਜਾਇਦਾਦ ਦੇ ਮਾਮਲੇ ‘ਚ ਕੀਤੀ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਚਾਰ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਚਾਰ ਜਣਿਆਂ ਨੇ ਮਿਲ ਕੇ ਇੱਕ ਬਜ਼ੁਰਗ ਦੇ ਨਾਮ ਦੀ ਫਰਜ਼ੀ ਪਾਵਰ ਆਫ਼ ਅਟਾਰਨੀ ਬਣਾਈ ਅਤੇ ਉਸਦੇ ਪਲਾਟ ਵੇਚ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਨੀ ਜਾਗਲ ਨੇ ਦੱਸਿਆ ਕਿ ਸੰਘੇੜਾ ਰੋਡ ‘ਤੇ ਬਣੀ ਸ਼ਿਵ ਓਮ ਵਾਟਿਕਾ ਵਿੱਚ ਉਸਦੇ ਪਿਤਾ ਬਲਵਿੰਦਰ ਸਿੰਘ ਦੇ ਨਾਮ ‘ਤੇ ਪਲਾਟ ਖਰੀਦੇ ਹੋਏ ਸਨ। ਦੋਸ਼ੀ ਰਕੇਸ਼ ਕੁਮਾਰ ਕਾਕਾ, ਦਿਨੇਸ਼, ਉਮੇਸ਼ ਵਾਸੀ ਬਰਨਾਲਾ ਅਤੇ ਰਮਨ ਵਾਸੀ ਪੰਚਕੂਲਾ ਨੇ ਮਿਲ ਕੇ ਉਹਨਾਂ ਦੇ ਪਿਤਾ ਦੇ ਨਾਮ ਦੀ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰਵਾ ਕੇ ਇਹ ਪਲਾਟ ਵੇਚ ਦਿੱਤੇ। ਉਕਤ ਵਿਅਕਤੀਆਂ ਨੇ ਰਮਨ ਕੁਮਾਰ ਦੇ ਨਾਮ ‘ਤੇ ਪਾਵਰ ਆਫ ਅਟਾਰਨੀ ਤਿਆਰ ਕੀਤੀ, ਜਿਸ ਦੇ ਅਧਾਰ ‘ਤੇ ਰਮਨ ਕੁਮਾਰ ਨੇ ਇੱਕ ਪਲਾਟ ਵੇਚ ਦਿੱਤਾ ਅਤੇ ਦੋ ਪਲਾਟ ਦੋਸ਼ੀ ਦਿਨੇਸ਼ ਅਤੇ ਉਮੇਸ਼ ਨੇ ਆਪਣੇ ਨਾਮ ਕਰਵਾ ਲਏ। ਉਹਨਾਂ ਦੱਸਿਆ ਕਿ ਇਹਨਾਂ ਪਲਾਟਾਂ ਦੀ ਮੌਜੂਦਾ ਬਾਜ਼ਾਰੀ ਕੀਮਤ ਡੇਢ ਕਰੋੜ ਤੋਂ ਵੀ ਵੱਧ ਹੈ। ਕਰੀਬ ਦੋ ਮਹੀਨੇ ਪਹਿਲਾਂ ਜਦ ਸ਼ਿਕਾਇਤ ਕਰਤਾ ਨੂੰ ਇਸ ਧੋਖਾਧੜੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਕਰਤਾ ਨੇ ਪਹਿਲਾਂ ਦੋਸ਼ੀਆਂ ਨਾਲ ਇਸ ਮਾਮਲੇ ਸਬੰਧੀ ਸੰਪਰਕ ਵੀ ਕੀਤਾ ਪ੍ਰੰਤੂ ਉਹਨਾਂ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਸ਼ਿਕਾਇਤ ਮਿਲਣ ਤੋਂ ਬਾਅਦ ਉਕਤ ਚਾਰਾਂ ਜਣਿਆਂ ਦੇ ਖ਼ਿਲਾਫ਼ ਧੋਖਾਧੜੀ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਸਬੰਧੀ ਕੇਸ ਦਰਜ ਕੀਤਾ ਤੇ ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਤਹਿਸੀਲ ਦਫ਼ਤਰ ਵਿੱਚ ਰਜਿਸਟਰਡ ਬਲਵਿੰਦਰ ਸਿੰਘ ਦੇ ਦਸਤਖ਼ਤ,ਪਾਵਰ ਆਫ਼ ਅਟਾਰਨੀ ‘ਤੇ ਕੀਤੇ ਕਿ ਦਸਤਖ਼ਤਾਂ ਨਾਲ ਨਹੀਂ ਮਿਲਦੇ।

error: Content is protected !!