Skip to main content

Gee 98News

ਬੋਲ ਪੰਡੋਰੀ ਦੇ….ਮੁਆਵਜ਼ਾ ਨੀਤੀ ਬਨਾਮ ਰਾਜਨੀਤੀ…ਫ਼ਿਕਰ ਨਾ ਕਰੋ…ਮੁਆਵਜ਼ਾ ਮਿਲੇਗਾ….!

-15 ਕੁ ਸਾਲ ਪਹਿਲਾਂ ਦੀ ਗੱਲ ਆਂ…ਮਿੱਤਰਾਂ ਦੀ ਮਹਿਫ਼ਲ ਵਿੱਚ ਬੈਠੇ ਇੱਕ ਮਿੱਤਰ ਨੇ ਕਿਹਾ ਕਿ ਜੇਕਰ ਕਿਸੇ ਰਾਜ ਵਿੱਚ ਸਰਕਾਰ ਦੀ ਲਾਪਰਵਾਹੀ ਜਾਂ ਨਲਾਇਕੀ ਕਾਰਨ ਸਮੂਹਿਕ ਮੌਤਾਂ ਹੋ ਜਾਣ ਤਾਂ ਸਰਕਾਰ ਸਿੱਧੇ ਤੌਰ ‘ਤੇ ਤਾਂ ਕਦੇ ਵੀ ਨਹੀਂ ਮੰਨਦੀ ਕਿ ਅਸੀਂ ਕਸੂਰਵਾਰ ਹਾਂ ਪ੍ਰੰਤੂ ਜੇਕਰ ਸਰਕਾਰ ਪੀੜ੍ਹਤ ਪਰਿਵਾਰਾਂ ਨੂੰ ਵਿੱਤੀ ਮੁਆਵਜ਼ਾ ਦੇ ਜਾਵੇ ਤਾਂ ਸਮਝ ਲਵੋ ਕਿ ਸਰਕਾਰ ਮੰਨ ਚੁੱਕੀ ਹੈ ਕਿ ਇਹ ਮੌਤਾਂ ਸਰਕਾਰ ਦੀ ਲਾਪਰਵਾਹੀ ਤੇ ਨਲਾਇਕੀ ਕਾਰਨ ਹੀ ਹੋਈਆ ਹਨ। ਪੰਜਾਬ ‘ਚ ਪਹਿਲੀ ਵਾਰ ਨਹੀਂ ਹੋਇਆ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਕੱਠੀਆਂ ਮੌਤਾਂ ਹੋਈਆਂ…ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ…ਜਿਹੜੇ ਦਿਨ ਅਜਿਹੀਆਂ ਮੌਤਾਂ ਹੁੰਦੀਆਂ ਹਨ, ਲੋਕਾਂ ਦੇ ਮਨਾਂ ‘ਚ ਰੋਸ ਪੈਦਾ ਹੁੰਦਾ ਪਰ ਸਰਕਾਰਾਂ ਨੋਟਾਂ ਦੀਆਂ ਗੁੱਟੀਆਂ ਨਾਲ ਪੀੜ੍ਹਤ ਪਰਿਵਾਰਾਂ ਦੇ ਮੂੰਹ ਬੰਦ ਕਰ ਦਿੰਦੀਆਂ ਹਨ ਤੇ ਲੋਕਾਂ ਦਾ ਰੋਸ ਮੱਠਾ ਪੈ ਜਾਂਦਾ ਹੈ…ਥੋੜ੍ਹੇ ਸਮੇਂ ਬਾਅਦ ਫਿਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਫਿਰ ਨੋਟਾਂ ਦੀਆਂ ਗੁੱਟੀਆਂ…ਇਹ ਗੱਲ ਤੁਹਾਨੂੰ ਪਤਾ ਨਹੀਂ ਕਿਹੋ ਜਿਹੀ ਲੱਗੇ ਪਰ ਮੈਂ ਭੰਬਲਭੂਸੇ ‘ਚ ਹਾਂ ਕਿ ਜੇਕਰ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਨੂੰ ਲੱਖਾਂ ਰੁਪਏ ਦਾ ਮੁਆਵਜ਼ਾ ਫਿਰ ਚਿੱਟੇ ਵੀ ਓਵਰਡੋਜ ਨਾਲ ਮਰੇ ਨੌਜਵਾਨ ਦੇ ਪਰਿਵਾਰ ਨੂੰ ਵੀ ਮੁਆਵਜ਼ਾ ਕਿਉਂ ਨਹੀਂ…ਸਦਕੇ ਸਰਕਾਰੇ ਤੇਰੀਆਂ ਨੀਤੀਆਂ ਦੇ…ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ… ਸ਼ਰਾਬੀਆਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ…ਜਦੋਂ ਲੱਗਦਾ ਹੋਵੇ ਕਿ ਲੋਕ ਘੇਰਨਗੇ ਤਾਂ ਮੁਆਵਜਾ ਨੀਤੀ ਕੱਢ ਲਓ…ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ‘ਚ ਕਣਕ ਨੂੰ ਲੱਗੀ ਅੱਗ ਬੁਝਾਉਂਦੇ ਇੱਕ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਅੱਗ ਲੱਗਣ ਨਾਲ ਜਖਮੀ ਹੋ ਗਿਆ…ਕਈ ਦਿਨ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਰਿਹਾ, ਕਿਸੇ ਨੇ ਬਾਤ ਨਹੀਂ ਪੁੱਛੀ…ਦੋ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ…ਤੜਫ ਕੇ ਮਰਿਆ ਵਿਚਾਰਾ…ਹੁਣ ਸਾਰੀ ਉਮਰ ਪਰਿਵਾਰ ਤੜਫਦਾ ਰਹੇਗਾ…ਓਏ ਸਰਕਾਰੇ…ਤੇਰੀ ਮੁਆਵਜ਼ਾ ਨੀਤੀ ਕਿੱਥੇ ਆਂ…ਕੋਈ ਸੱਤਾਧਾਰੀ ਨਹੀਂ ਬਹੁੜਿਆ…ਕਿਸੇ ਨੇ ਪਰਿਵਾਰ ਦੇ ਮੋਢੇ ‘ਤੇ ਹੱਥ ਨਹੀਂ ਰੱਖਿਆ…ਤੇ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਘਰੇ ਮੁੱਖ ਮੰਤਰੀ ਮੁਆਵਜ਼ਾ ਲੈ ਕੇ ਪੁੱਜ ਗਿਆ…ਕਿੰਨੀ ਬੇਸ਼ਰਮ ਰਾਜਨੀਤੀ ਆਂ, ਸ਼ਰਾਬ ਦੇ ਮਹਿਕਮੇ ਦਾ ਮੰਤਰੀ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇਣ ਦੀ ਬਜਾਏ ਵੱਡੇ ਵੱਡੇ ਬਿਆਨ ਦੇ ਰਿਹਾ ਕਿ ਕਿਸੇ ਨੂੰ ਨਹੀਂ ਬਖਸ਼ਾਂਗੇ…ਕਿਸੇ ਨੂੰ ਹੋਣਾ ਕੱਖ ਨੀ…ਜਿਹੜੇ ਮਰ ਗਏ, ਉਹ ਮਰ ਗਏ ਜਿਹੜੇ ਬਚ ਗਏ ਉਹ ਜ਼ਿੰਦਗੀ ਭਰ ਤੜਫਣਗੇ…ਕਹਿੰਦੇ ਇੱਕ ਵਾਰ ਰੇਲ ਹਾਦਸੇ ‘ਚ ਹੋਈਆਂ ਕਈ ਮੌਤਾਂ ਤੋਂ ਬਾਅਦ ਰੇਲ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ…ਉਹ ਭਲੇ ਵੇਲਿਆਂ ਦੀ ਰਾਜਨੀਤੀ ਸੀ…ਉਸ ਵੇਲੇ ਰਾਜਨੀਤੀ ‘ਚ ਸ਼ਰਮ ਹੁੰਦੀ ਸੀ ਤੇ ਹੁਣ ਰਾਜਨੀਤੀ ‘ਚ ਬੇਸ਼ਰਮੀ ਦੀ ਹੱਦ… ਤੌਬਾ ਤੌਬਾ… ਪਹਿਲਾਂ ਵਾਲਿਆਂ ਵਿੱਚ ਵੀ…ਤੇ ਹੁਣ ਵਾਲਿਆਂ ਵਿੱਚ ਵੀ…ਨਾਲੇ ਨਸ਼ੇ ਦੇ ਰੰਗ ਦਾ ਕੀ ਆਂ…ਲਾਲ ਹੋਵੇ ਜਾਂ ਚਿੱਟਾ…ਪੀਂਦੇ ਰਹੋ,ਖਾਂਦੇ ਰਹੋ,ਮਰਦੇ ਰਹੋ ਮੁਆਵਜ਼ਾ ਲੈਂਦੇ ਰਹੋ..ਆਪਣੀ ਜ਼ਮੀਰ ਨੂੰ ਜਿਉਂਦਾ ਨਾ ਕਰਿਓ…!
ਨਿਰਮਲ ਸਿੰਘ ਪੰਡੋਰੀ, ਪੱਤਰਕਾਰ।

error: Content is protected !!