Skip to main content

Gee 98News

ਕੈਨੇਡਾ ਗਏ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ, ਸਰਕਾਰ ਨੇ PR ਦੇਣ ਤੋਂ ਦੇ ਦਿੱਤਾ ਜਵਾਬ

-ਕੈਨੇਡਾ ਪੜਨ ਗਏ ਹਜ਼ਾਰਾਂ ਪੰਜਾਬੀ ਮੁੰਡੇ ਕੁੜੀਆਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਮੁੰਡੇ ਕੁੜੀਆਂ ਦੀ ਪਰਮਾਨੈਂਟ ਰੈਜੀਡੈਂਸ ਮਿਲਣ ਦੀ ਆਖਰੀ ਉਮੀਦ ਖਤਮ ਹੋ ਗਈ ਜਿਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਅੱਗੇ ਕੈਨੇਡਾ ‘ਚ ਪਨਾਹ ਲੈਣ ਦਾ ਦਾਅਵਾ ਦਾਖਲ ਕਰ ਦਿੱਤਾ ਹੈ। ਸਾਹਮਣੇ ਆ ਰਹੇ ਅੰਕੜਿਆਂ ਅਨੁਸਾਰ ਸਾਲ 2024 ਵਿੱਚ ਕੈਨੇਡਾ ‘ਚ ਪਨਾਹ ਮੰਗਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 20 ਹਜ਼ਾਰ ਤੋਂ ਵੀ ਉੱਪਰ ਹੈ, ਇਹਨਾਂ ਵਿੱਚ ਭਾਰਤ ਦੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੀ ਵਿਦਿਆਰਥੀ ਹਨ। ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜੇ ਦੀ ਗਿਣਤੀ ਘਟਾਏ ਜਾਣ ਦੇ ਬਾਵਜੂਦ ਵੀ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ‌ ਮੌਜੂਦਾ ਅੰਕੜਿਆਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਪਨਾਹ ਮੰਗਣ ਵਾਲੇ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਤੋਂ ਵੀ ਟੱਪ ਸਕਦੀ ਹੈ ਕਿਉਂਕਿ 2025 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੀ 5000 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੇ ਪਨਾਹ ਦਾ ਦਾਅਵਾ ਕੀਤਾ ਹੈ। ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪਰਮਾਨੈਂਟ ਰੈਜੀਡੈਂਸੀ (ਪੀਆਰ) ਮਿਲਣ ਦਾ ਰਾਹ ਬੇਹੱਦ ਔਖਾ ਹੋ ਚੁੱਕਾ ਹੈ ਜਿਸ ਦੇ ਕਾਰਨ ਕੌਮਾਂਤਰੀ ਵਿਦਿਆਰਥੀ ਬਦਲਵੇਂ ਤੌਰ ਤਰੀਕੇ ਲੱਭ ਰਹੇ ਹਨ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਵਾਅਦਾ ਦੁਹਰਾਇਆ ਕਿ ਉਹ ਆਰਜ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਦੀ ਕੁੱਲ ਵਸੋਂ ਦਾ 5 ਫੀਸਦੀ ‘ਤੇ ਲਿਆਉਣ ਲਈ ਯਤਨ ਕਰਨਗੇ ਜੋ ਇਸ ਵੇਲੇ 7 ਫੀਸਦੀ ਦੇ ਨੇੜੇ ਤੇੜੇ ਚੱਲ ਰਹੀ ਹੈ। ਜੇਕਰ ਮਾਰਕ ਕਾਰਨੀ ਕੈਨੇਡਾ ਦੇ ਲੋਕਾਂ ਨਾਲ ਕੀਤੇ ਚੋਣ ਵਾਅਦੇ ਨੂੰ ਪੂਰਾ ਕਰ ਰਹੇ ਹਨ ਤਾਂ ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਲਈ ਪਰਮਾਨੈਂਟ ਰੈਜੀਡੈਂਸੀ ਦਾ ਰਾਹ ਹੋਰ ਵੀ ਔਖਾ ਹੋ ਜਾਵੇਗਾ। ਧਿਆਨ ਰਹੇ ਕਿ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡੇ ਫੈਸਲੇ ਤਹਿਤ ਸਟੱਡੀ ਵੀਜੇ ‘ਤੇ ਆਉਣ ਵਾਲਿਆਂ ਦੇ ਜੀਵਨ ਸਾਥੀ ਨੂੰ ਵਰਕ ਪਰਮਿਟ ਤੋਂ ਵੀ ਵਾਂਝਾ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਉਥੋਂ ਦੇ ਕਈ ਵਿਦਿਅਕ ਅਦਾਰਿਆਂ ਨੂੰ “ਡਿਪਲੋਮਾ ਮਿੱਲਰਜ਼” ਦਾ ਨਾਂ ਵੀ ਦਿੱਤਾ ਹੈ ਜੋ ਸਿਰਫ਼ ਕਾਗਜ਼ ਦੇ ਸਰਟੀਫਿਕੇਟ ਹੀ ਮੁਹੱਈਆ ਕਰਵਾ ਰਹੇ ਹਨ। ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਕੈਨੇਡਾ ਸਟੱਡੀ ਵੀਜੇ ‘ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਹਾਲਾਤਾਂ ਦੇ ਮੱਦੇਨਜ਼ਰ ਹੀ ਫੈਸਲਾ ਲੈਣਾ ਚਾਹੀਦਾ ਹੈ।

error: Content is protected !!