Skip to main content

Gee 98News

ਸਿੱਖਿਆ ਕ੍ਰਾਂਤੀ ਦਾ ਲੁਕਿਆ ਪੱਖ…ਸਕੂਲਾਂ ‘ਚ ਬੱਚੇ ਪੀ ਰਹੇ ਨੇ ਦੂਸ਼ਿਤ ਪਾਣੀ…!

-ਪੰਜਾਬ ‘ਚ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਇੱਕ ਰੌਂਗਟੇ ਖੜੇ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪਾਣੀ ਪੀਣ ਯੋਗ ਨਹੀਂ ਹੈ। ਕੁਝ ਦਿਨ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਕੁਝ ਸਕੂਲਾਂ ਦੇ ਪਾਣੀ ਦੇ ਸੈਂਪਲ ਭਰੇ ਗਏ ਸਨ ਜੋ ਫੇਲ ਹੋ ਗਏ ਅਤੇ ਹੁਣ ਸੰਗਰੂਰ ਜ਼ਿਲ੍ਹੇ ਦੇ ਕੁਝ ਸਕੂਲਾਂ ਦੇ ਸੈਂਪਲ ਵੀ ਫੇਲ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਸਿਰਫ਼ ਲੁਧਿਆਣਾ ਅਤੇ ਸੰਗਰੂਰ ਜ਼ਿਲ੍ਹੇ ਦੀ ਕਹਾਣੀ ਨਹੀਂ ਸਗੋਂ ਬਾਕੀ ਜਿਲ੍ਹਿਆਂ ਵਿੱਚ ਵੀ ਸਕੂਲਾਂ ‘ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਦਾ ਬਹੁਤਾ ਚੰਗਾ ਹਾਲ ਨਹੀਂ ਹੈ। ਸਰਕਾਰਾਂ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਅਰਬਾਂ ਰੁਪਏ ਦਾ ਬਜਟ ਰੱਖਦੀਆਂ ਹਨ ਪਰੰਤੂ ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ‌ ਇਹ ਕੋਈ ਅਤਕਥਨੀ ਨਹੀਂ ਕਿ ਜੇਕਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਨਿਯਮਤ ਸਰੀਰਕ ਜਾਂਚ ਕਰਵਾਈ ਜਾਵੇ ਤਾਂ ਨਤੀਜੇ ਰੌਂਗਟੇ ਖੜੇ ਕਰਨ ਵਾਲੇ ਹੋਣਗੇ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਰਕਾਰ ਦਾ ਸਾਰਾ ਜ਼ੋਰ ਇਸੇ ਗੱਲ ‘ਤੇ ਲੱਗਿਆ ਹੋਇਆ ਹੈ ਕਿ ਸਕੂਲਾਂ ਨੂੰ ਲਿਪਪੋਚ ਕੇ ਰੰਗ ਰੋਗਨ ਕਰਕੇ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ ਪ੍ਰੰਤੂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ‘ਚ ਦੇਰੀ ਦੇ ਨਾਲ ਸਕੂਲਾਂ ‘ਚ ਬੁਨਿਆਦੀ ਢਾਂਚੇ ਦੀ ਕਮੀ ਵੱਲ ‌ਸਾਰਾ ਕੁਝ ਜਾਣਦੇ ਹੋਏ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਖ਼ਬਰਾਂ ਇਹ ਵੀ ਹਨ ਕਿ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਹੋਰ ਕੰਮਾਂ ਲਈ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਖਰਚ ਕਰਨ ਦੇ ਕੰਮ ਵਿੱਚ ਵੀ ਹਲਕੇ ਦੇ ਸਿਆਸੀ ਚੌਧਰੀਆਂ ਵੱਲੋਂ ਪੂਰੀ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਬਹੁਤੇ ਸਕੂਲਾਂ ਵਿੱਚ ਸਟਾਫ਼ ਨੇ ਪਾਣੀ ਪੀਣ ਲਈ ਆਰਓ ਸਿਸਟਮ ਲਗਵਾਇਆ ਹੋਇਆ ਪਰੰਤੂ ਬੱਚੇ ਟੈਂਕੀ ਵਿੱਚ ਭਰਿਆ ਪਾਣੀ ਹੀ ਪੀ ਰਹੇ ਹਨ। ਸਕੂਲਾਂ ਵਿੱਚ ਬਣੀਆਂ ਇਹਨਾਂ ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ ਦਾ ਕਿਸੇ ਅਧਿਆਪਕ ਕੋਲ ਕੋਈ ਜਵਾਬ ਨਹੀਂ ਹੈ। ਸਿਰਫ਼ ਸਰਕਾਰੀ ਸਕੂਲ ਹੀ ਨਹੀਂ, ਜੇਕਰ ਮੋਟੀਆਂ ਫੀਸਾਂ ਲੈਣ ਵਾਲੇ ਪ੍ਰਾਈਵੇਟ ਸਕੂਲਾਂ ‘ਚੋਂ ਪਾਣੀ ਦੇ ਸੈਂਪਲ ਲੈ ਕੇ ਇਮਾਨਦਾਰੀ ਨਾਲ ਰਿਪੋਰਟਾਂ ਤਿਆਰ ਅਤੇ ਨਸ਼ਰ ਕੀਤੀਆਂ ਜਾਣ ਤਾਂ ਸਕੂਲਾਂ ਦੇ ਦੂਸ਼ਿਤ ਪਾਣੀ ਨਾਲ ਸਿੱਖਿਆ ਕ੍ਰਾਂਤੀ ਦੇ ਪੋਸਟਰ ਗਿੱਲੇ ਹੁੰਦੇ ਨਜ਼ਰ ਆਉਣਗੇ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਸਕੂਲਾਂ ਦੇ ਪਾਣੀ ਦੀ ਨਿਯਮਤ ਜਾਂਚ ਸਬੰਧੀ ਕਿਧਰੇ ਵੀ ਕੋਈ ਰਿਪੋਰਟ ਨਹੀਂ ਕਿ ਹਰ ਸਾਲ ਕਿਹੜੇ ਮਹੀਨੇ ਸਕੂਲਾਂ ਦੀ ਪਾਣੀ ਦੀ ਜਾਂਚ ਕਰਵਾਈ ਜਾਂਦੀ ਹੈ, ਕਿਹੜੀ ਅਥਾਰਟੀ ਤੋਂ ਕਰਵਾਈ ਜਾਂਦੀ ਹੈ ਅਤੇ ਉਸਦੀ ਰਿਪੋਰਟ ਕਿਹੜੇ ਉੱਚ ਅਧਿਕਾਰੀ ਨੂੰ ਭੇਜੀ ਜਾਂਦੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਵੀ “ਜੀ ਹਜ਼ੂਰੀ” ਵਾਲੇ ਮਾਪਿਆਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਪਾਸਿਓਂ ਕੋਈ ਸਵਾਲ ਨਾ ਉੱਠੇ। ਭਾਵੇਂ ਕਿ ਸਾਰੇ ਅਧਿਆਪਕ ਵਰਗ ਨੂੰ ਇੱਕ ਕਟਹਿਰੇ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਦੇਖਣ ਵਿਚ ਆ ਰਿਹਾ ਹੈ ਕਿ ਹੁਣ ਅਧਿਆਪਕ ਵਰਗ ਦਾ ਬਹੁਤਾ ਹਿੱਸਾ ਵੀ ਸੱਤਾ ਧਾਰੀਆਂ ਦੀ ਕਠਪੁਤਲੀ ਬਣਦਾ ਜਾ ਰਿਹਾ ਹੈ, ਜਿਸ ਕਰਕੇ ਬੱਚਿਆਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੇ ਹੋਰ ਬੁਨਿਆਦੀ ਸਹੂਲਤਾਂ ਦੀਆਂ ਕਮੀਆਂ ਅਜਿਹੇ ਅਧਿਆਪਕਾਂ ਦੀ “ਜੀ ਹਜ਼ੂਰੀ” ਥੱਲੇ ਦੱਬ ਜਾਂਦੀਆਂ ਹਨ। ਲੁਧਿਆਣੇ ਤੇ ਸੰਗਰੂਰ ਦੇ ਸਰਕਾਰੀ ਸਕੂਲਾਂ ‘ਚ ਪਾਣੀ ਤੇ ਸੈਂਪਲ ਫੇਲ ਹੋਣ ਦੀ ਘਟਨਾ ਨੇ ਧਿਆਨ ਖਿੱਚਿਆ ਹੈ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਸੂਬੇ ਦੇ ਸਾਰੇ ਸਕੂਲਾਂ ਦੀ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਉਣ ਸੰਬੰਧੀ ਕੀ ਫੈਸਲਾ ਲੈਂਦੀ ਹੈ।

Gee98 Ads
error: Content is protected !!