Gee 98News

ਬਰਨਾਲਾ ਦੇ ਦੋ ਸਿਆਸੀ ਭਲਵਾਨ ਸੋਸ਼ਲ ਮੀਡੀਆ ਮੈਦਾਨ ‘ਚ ਹੋਏ ਉੱਪਰ-ਥੱਲੇ….!

-ਬਰਨਾਲਾ ਸ਼ਹਿਰ ਦੇ ਦੋ ਸਿਆਸੀ ਮਹਾਰਥੀਆਂ ਵੱਲੋਂ ਇੱਕ ਦੂਜੇ ਉੱਪਰ ਲਗਾਏ ਦੋਸ਼ਾਂ ਨੇ ਸ਼ਹਿਰ ਦਾ ਸਿਆਸੀ ਤਾਪਮਾਨ ਲਾਲ ਅੰਕਾਂ ‘ਤੇ ਪੁੱਜਦਾ ਕਰ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਤੇ ਕੌਂਸਲਰ ਹੇਮਰਾਜ ਦੀ ਇੱਕ ਦੂਜੇ ਦੇ ਖਿਲਾਫ਼ ਟੀਕਾ ਟਿੱਪਣੀ ਨੇ ਰਾਜਨੀਤੀ ਦੇ ਇੱਕ ਅਜਿਹੇ ਪੱਧਰ ਦਾ ਮੁਜਾਹਰਾ ਕੀਤਾ ਜਿਸ ਤੋਂ ਸਿਆਣੇ ਲੀਡਰ ਅਕਸਰ ਬਚਦੇ ਆਏ ਹਨ। ਇਸ ਟੀਕਾ ਟਿੱਪਣੀ ਦੀ ਸ਼ੁਰੂਆਤ ਕੌਂਸਲਰ ਹੇਮਰਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਹੇਸ਼ ਕੁਮਾਰ ਲੋਟਾ ਦੇ ਖ਼ਿਲਾਫ਼ ਇੱਕ ਲਿਖਤੀ ਪੋਸਟ ਨਾਲ ਕੀਤੀ ਜਿਸ ਵਿੱਚ ਕੌਸਲਰ ਹੇਮਰਾਜ ਨੇ ਲੋਟਾ ਨੂੰ ਕਈ ਸਵਾਲ ਕੀਤੇ। ਦਰਅਸਲ ਕੌਂਸਲਰ ਹੇਮਰਾਜ ਵੱਲੋਂ ਲੋਟਾ ਨੂੰ ਕੀਤੇ ਇਹ ਸਵਾਲ ਸਿਰਫ਼ ਸਵਾਲ ਹੀ ਨਹੀਂ ਹਨ ਸਗੋਂ ਇਹਨਾਂ ਸਵਾਲਾਂ ਦਾ ਲਹਿਜ਼ਾ ਲੋਟਾ ਦੀ ਕਿਰਦਾਰਕੁਸ਼ੀ ਕਰਨ ਵਾਲਾ ਹੈ ਜਿਸ ਤੋਂ ਮਹੇਸ਼ ਕੁਮਾਰ ਲੋਟਾ ਦਾ ਭਖਣਾ ਸੁਭਾਵਿਕ ਹੀ ਸੀ। ਕੌਂਸਲਰ ਹੇਮਰਾਜ ਨੇ ਮਹੇਸ਼ ਕੁਮਾਰ ਲੋਟਾ ਦੀ ਅਤੀਤ ਦੀ ਰਾਜਨੀਤੀ ਸਬੰਧੀ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਕੌਂਸਲਰ ਹੇਮਰਾਜ ਦੇ ਸ਼ਬਦੀ ਹਮਲੇ ਦਾ ਜਵਾਬ ਮਹੇਸ਼ ਕੁਮਾਰ ਲੋਟਾ ਨੇ ਜ਼ੁਬਾਨੀ ਭਾਸ਼ਾ ਦੇ ਵਿੱਚ ਵੀਡੀਓ ਕਲਿੱਪ ਰਾਹੀਂ ਦਿੱਤਾ। ਮਹੇਸ਼ ਲੋਟਾ ਨੇ ਕੌਂਸਲਰ ਹੇਮਰਾਜ ਨੂੰ ਉਹਨਾਂ ਉੱਪਰ ਲਗਾਏ ਦੋਸ਼ਾਂ ਨੂੰ ਸਿੱਧ ਕਰਨ ਸਬੰਧੀ ਦੁਨੀਆਂ ਦੇ ਕਿਸੇ ਵੀ ਧਾਰਮਿਕ ਸਥਾਨ ‘ਤੇ ਆਉਣ ਦੀ ਚੁਣੌਤੀ ਦਿੰਦੇ ਹੋਏ ਹੇਮਰਾਜ ਦੀ ਰਾਜਨੀਤੀ ‘ਤੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ। ਬਹਰਹਾਲ ! ਮਹੇਸ਼ ਕੁਮਾਰ ਲੋਟਾ ਤੇ ਹੇਮਰਾਜ ਨੇ ਬਰਨਾਲਾ ਸ਼ਹਿਰ ਵਿੱਚ ਰਾਜਨੀਤਿਕ ਪਲੇਟਫਾਰਮ ‘ਤੇ ਕਈ ਉਤਰਾਅ-ਚੜਾਅ ਵੇਖੇ ਹਨ। ਇਹ ਦੋਵੇਂ ਆਗੂ ਰਾਜਨੀਤੀ ‘ਚ ਵਿਚਰਦੇ ਹੋਏ ਆਪਣੇ ਤੋਂ ਵੱਡੇ ਆਗੂਆਂ ਦੀ ਰਾਜਨੀਤੀ ਦਾ ਸ਼ਿਕਾਰ ਵੀ ਹੋਏ ਹਨ ਅਤੇ ਇਹਨਾਂ ਦੋਵੇਂ ਆਗੂਆਂ ਨੇ ਕਈਆਂ ਨੂੰ ਆਪਣੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਵੀ ਹੈ। ਜੇਕਰ ਲੋਕ ਚਰਚਾ ਦੀ ਗੱਲ ਕੀਤੀ ਜਾਵੇ ਤਾਂ ਲੋਟਾ ਦੀ ਰਾਜਨੀਤੀ ਨੂੰ ਠੋਸ ਮੰਨਿਆ ਜਾਂਦਾ ਜਦ ਕਿ ਹੇਮਰਾਜ ਨੇ ਕੌਂਸਲਰ ਦੀ ਚੋਣ ਜਿੱਤਣ ਲਈ ਹਰ ਵਾਰੀ ਨਵੇਂ ਨਵੇਂ ਢੰਗ ਤਰੀਕੇ ਅਪਣਾਏ ਹਨ ਅਤੇ ਆਪਣੇ ਇਹਨਾਂ ਬਦਲੇ ਹੋਏ ਢੰਗ ਤਰੀਕਿਆਂ ਦੀ ਬਦੌਲਤ ਉਹ ਕੌਂਸਲਰ ਦੀ ਚੋਣ ਜਿੱਤਦੇ ਵੀ ਆ ਰਹੇ ਹਨ। ਦੋਵੇਂ ਆਗੂਆਂ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਦੂਜੇ ‘ਤੇ ਕੀਤੇ ਗਏ ਸਿਆਸੀ ਹਮਲੇ ਦੌਰਾਨ ਵਰਤੀ ਸ਼ਬਦਾਵਲੀ ਦੀ ਵੀ ਚਰਚਾ ਹੈ। ਚੁੰਝ ਚਰਚਾ ਹੈ ਕਿ ਦੋਵੇਂ ਆਗੂਆਂ ਦੀ ਇਹ ਸ਼ਬਦੀ ਜੰਗ ਇੱਥੇ ਰੁਕ ਜਾਵੇਗੀ ਜਾਂ ਫਿਰ ਇਸ ਦਾ ਪਾਰਟ-2 ਵੀ ਰਿਲੀਜ਼ ਹੋਵੇਗਾ। ਚਰਚਾ ਇਹ ਵੀ ਹੈ ਕਿ ਇਹਨਾਂ ਦੋਵੇਂ ਆਗੂਆਂ ਦੇ ਸ਼ੁਭ ਚਿੰਤਕ ਦੋਵਾਂ ਨੂੰ ਇਹ ਸ਼ਬਦੀ ਜੰਗ ਖ਼ਤਮ ਕਰਨ ਦੀ ਸਲਾਹ ਵੀ ਦੇ ਰਹੇ ਹਨ

Gee98 Ads
error: Content is protected !!