Gee 98News

…ਜਦੋਂ ਤੱਕ ਮੇਰੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਸਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਾਂਗੇ…ਅਗਨੀ ਵੀਰ

-ਜੰਮੂ ਕਸ਼ਮੀਰ ਦੀ ਸਰਹੱਦ ‘ਤੇ ਸਿਰ ਵਿੱਚ ਗੋਲੀ ਲੱਗਣ ਨਾਲ ਸ਼ਹੀਦ ਹੋਏ ਅਗਨੀਵੀਰ ਆਕਾਸ਼ਦੀਪ ਸਿੰਘ ਦੇ ਪਰਿਵਾਰ ਨੇ ਰੋਸ ਵਜੋਂ ਵੱਡਾ ਐਲਾਨ ਕੀਤਾ ਹੈ। ‌ਅਗਨੀਵੀਰ ਆਕਾਸ਼ਦੀਪ ਦੀ ਮਾਤਾ ਨੇ ਕਿਹਾ ਕਿ ਜਦ ਤੱਕ ਉਸਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਹ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਖੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਚਾਹਲ ਦੇ ਅਗਨੀਵੀਰ ਆਕਾਸ਼ਦੀਪ ਸਿੰਘ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਦਾ ਅੰਤਿਮ ਸਸਕਾਰ ਜੱਦੀ ਪਿੰਡ ਕੋਠੇ ਚਾਹਲ ਫਰੀਦਕੋਟ ਵਿਖੇ ਕੀਤਾ ਗਿਆ ਸੀ। ‌ ਅਗਨੀਵੀਰ ਦੇ ਪਰਿਵਾਰਕ ਮੈਂਬਰਾਂ ‘ਚ ਇਸ ਗੱਲ ਦਾ ਰੋਸ ਹੈ ਕਿ ਸਰਕਾਰ ਵੱਲੋਂ ਜਾਂ ਫੌਜ ਵੱਲੋਂ ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਇੱਕ ਸ਼ਹੀਦ ਨੂੰ ਮਿਲਣ ਵਾਲਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਦੀ ਸ਼ਹਾਦਤ ਦੀ ਤੌਹੀਨ ਕੀਤੀ ਜਾ ਰਹੀ ਹੈ। ਅਗਨੀਵੀਰ ਦੀ ਮਾਤਾ ਕਰਮਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਸ਼ਹੀਦ ਦਾ ਬਣਨਾ ਮਾਣ ਸਤਿਕਾਰ ਦਿਵਾਉਣ ਲਈ ਲੜਾਈ ਲੜੇਗੀ ਅਤੇ ਉਹਨਾਂ ਚਿਰ ਉਸਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰੇਗੀ ਜਿੰਨਾ ਚਿਰ ਉਸਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਗਨੀਵੀਰ ਸਕੀਮ ਬੰਦ ਕੀਤੀ ਜਾਵੇ ਤਾਂ ਜੋ ਛੋਟੀ ਉਮਰੇ ਹੀ ਮਾਵਾਂ ਦੇ ਪੁੱਤਾਂ ਨੂੰ ਆਪਣੀ ਜਾਨ ਤੋਂ ਹੱਥ ਨਾ ਧੋਣੇ ਪੈਣ। ਅਗਨੀਵੀਰ ਦੇ ਮਾਤਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਹ ਆਕਾਸ਼ਦੀਪ ਦੀ ਸ਼ਹਾਦਤ ਨੂੰ ਮਜਾਕ ਬਣਾਇਆ ਜਾ ਰਿਹਾ ਹੈ ਉਸ ਤੋਂ ਫੌਜ ਵਿੱਚ ਭਰਤੀ ਹੋਣ ਦੇ ਉਤਸ਼ਾਹਿਤ ਬਾਕੀ ਨੌਜਵਾਨਾਂ ਦੇ ਹੌਸਲੇ ਵੀ ਟੁੱਟਣਗੇ। ਉਹਨਾਂ ਕਿਹਾ ਕਿ ਉਹ ਸ਼ਹੀਦ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਿਰਫ਼ ਅਸਥੀਆਂ ਜਲ ਪ੍ਰਵਾਹ ਨਾ ਕਰਕੇ ਨਹੀਂ ਲੜਨਗੇ ਸਗੋਂ ਇਸ ਲੜਾਈ ਨੂੰ ਪੰਜਾਬ ਪੱਧਰ ਤੱਕ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਆਕਾਸ਼ਦੀਪ ਦੇ ਸਸਕਾਰ ਮੌਕੇ ਉਸ ਨੂੰ ਸ਼ਹੀਦ ਵਾਲਾ ਮਾਨ ਸਨਮਾਨ ਨਹੀਂ ਦਿੱਤਾ ਗਿਆ। ‌ ਉਹਨਾਂ ਦੱਸਿਆ ਕਿ ਅੰਤਿਮ ਯਾਤਰਾ ਮੌਕੇ ਸ਼ਰਧਾਂਜਲੀ ਦੇਣ ਲਈ ਫੁੱਲ ਵੀ ਆਕਾਸ਼ਦੀਪ ਦੇ ਦੋਸਤ ਹੀ ਲੈ ਕੇ ਆਏ ਅਤੇ ਤਿਰੰਗਾ ਵੀ ਆਕਾਸ਼ਦੀਪ ਦੇ ਦੋਸਤ ਹੀ ਲੈ ਕੇ ਆਏ ਸਨ, ਪ੍ਰਸ਼ਾਸਨ ਸਿਰਫ ਫੋਟੋ ਕਰਵਾਉਣ ਹੀ ਆਇਆ ਸੀ।

error: Content is protected !!