ਚੰਡੀਗੜ੍ਹ,27 ਮਈ, Gee98 News service
-ਸਰਕਾਰੀ ਹਸਪਤਾਲਾਂ ਵਿੱਚ ਨਵਜਨਮੇ ਬੱਚੇ ਚੋਰੀ ਕਰਨ ਵਾਲੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਹੜੀ ਨਕਲੀ ਨਰਸ ਬਣ ਕੇ ਹਸਪਤਾਲ ‘ਚੋਂ ਬੱਚੇ ਚੋਰੀ ਕਰਦੀ ਸੀ। ਇਸ ਔਰਤ ਨੂੰ ਲੋਕਾਂ ਨੇ ਸੰਗਰੂਰ ਦੇ ਸਿਵਲ ਹਸਪਤਾਲ ਵਿੱਚੋਂ ਬੱਚਾ ਚੋਰੀ ਕਰਦੇ ਰੰਗੇ ਹੱਥੀਂ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਛਾਜਲੀ ਦੇ ਨਜ਼ਦੀਕ ਪਿੰਡ ਤਰੰਜੀ ਖੇੜਾ ਦਾ ਇੱਕ ਵਿਅਕਤੀ ਹਰਪਾਲ ਸਿੰਘ ਆਪਣੀ ਪਤਨੀ ਨੂੰ ਜਣੇਪਾ ਪੀੜਾ ਤੋਂ ਬਾਅਦ ਸੰਗਰੂਰ ਦੇ ਹਸਪਤਾਲ ਲੈ ਕੇ ਆਇਆ ਜਿੱਥੇ ਉਸ ਦੀ ਪਤਨੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਬੀਤੇ ਕੱਲ੍ਹ ਇੱਕ ਔਰਤ ਨਰਸ ਦੇ ਪਹਿਰਾਵੇ ਵਿੱਚ ਉਹਨਾਂ ਕੋਲ ਆਈ ਅਤੇ ਉਹਨਾਂ ਦੀ ਬੱਚੀ ਨੂੰ ਚੈੱਕਅੱਪ ਕਰਨ ਦੇ ਬਹਾਨੇ ਲੈ ਕੇ ਚਲੀ ਗਈ ਪ੍ਰੰਤੂ ਬੱਚੀ ਦੇ ਪਿਤਾ ਨੂੰ ਸ਼ੱਕ ਹੋਇਆ ਤਾਂ ਹਰਪਾਲ ਸਿੰਘ ਨੇ ਉਸਦਾ ਪਿੱਛਾ ਕੀਤਾ ਤਾਂ ਦੇਖਿਆ ਕਿ ਉਕਤ ਔਰਤ ਨੇ ਦੂਜੇ ਵਾਰਡ ਵਿੱਚੋਂ ਇੱਕ ਹੋਰ ਬੱਚਾ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਸੀ। ਹਰਪਾਲ ਸਿੰਘ ਨੇ ਹੋਰ ਲੋਕਾਂ ਨੂੰ ਇਕੱਠੇ ਕਰਕੇ ਉਸ ਨੂੰ ਰੋਕਿਆ ਮੌਕੇ ਤੇ ਡਾਕਟਰਾਂ ਨੂੰ ਬੁਲਾਇਆ ਗਿਆ, ਤਾਂ ਪਤਾ ਲੱਗਿਆ ਕਿ ਉਕਤ ਔਰਤ ਨਰਸ ਨਹੀਂ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾ ਕੇ ਉਕਤ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਹਰਪਾਲ ਸਿੰਘ ਅਤੇ ਹੋਰ ਮਰੀਜ਼ਾਂ ਨੇ ਸਰਕਾਰੀ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇੱਥੇ ਸੁਰੱਖਿਆ ਦੇ ਕੋਈ ਉਚਿਤ ਪ੍ਰਬੰਧ ਨਹੀਂ ਹਨ, ਕੋਈ ਵੀ ਆਵੇ ਤੇ ਆਪਣੇ ਆਪ ਨੂੰ ਨਰਸ ਆਖ ਕੇ ਲੋਕਾਂ ਦੇ ਬੱਚੇ ਚੁੱਕ ਕੇ ਲੈ ਜਾਵੇ। ਘਟਨਾ ਦੇ ਪੁਸ਼ਟੀ ਕਰਦੇ ਹੋਏ ਸਰਕਾਰੀ ਹਸਪਤਾਲ ਸੰਗਰੂਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਇੱਕ ਔਰਤ ਵੱਲੋਂ ਨਰਸ ਦੇ ਰੂਪ ‘ਚ ਬੱਚੇ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਜਿਸ ਤੋਂ ਬਾਅਦ ਲੋਕਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਤਾਂ ਔਰਤ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।










