Skip to main content

Gee 98News

AAP ਦੇ 30-35 ਵਿਧਾਇਕਾਂ ਦੀਆਂ ਟਿਕਟਾਂ ਖ਼ਤਰੇ ‘ਚ…ਪਾਰਟੀ ਵੱਲੋਂ 2027 ਦੀ ਰਣਨੀਤੀ ਤਿਆਰ

-ਆਮ ਆਦਮੀ ਪਾਰਟੀ ਨੇ ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣਾਂ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ।‌‌ ਭਰੋਸੇਯੋਗ ਸੂਤਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਹੇਠਲੇ ਪੱਧਰ ਤੱਕ ਪਾਰਟੀ ਅਤੇ ਸਰਕਾਰ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖੀ ਹੋਈ ਹੈ। ਜਿੱਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਤਾਂ ਸਰਕਾਰੀ ਪੱਧਰ ‘ਤੇ ਵੀ ਸਾਰੀਆਂ ਗਤੀਵਿਧੀਆਂ ਕੇਜਰੀਵਾਲ ਦੇ ਹੱਥ ਵਿੱਚ ਹਨ। ਸੂਤਰਾਂ ਅਨੁਸਾਰ ਸਰਕਾਰੀ ਪੱਧਰ ਦਾ ਕੋਈ ਇੱਕ ਅਜਿਹਾ ਨਿੱਕਾ ਜਿਹਾ ਫੈਸਲਾ ਵੀ ਨਹੀਂ ਹੈ ਜਿਹੜਾ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਤੋਂ ਬਿਨਾਂ ਸਿਰੇ ਚੜਦਾ ਹੋਵੇ। ‌ ਪੰਜਾਬ ‘ਚ ਸਰਕਾਰੀ ਪੱਧਰ ‘ਤੇ ਸਾਰੇ ਫੈਸਲੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੀ ਕੀਤੇ ਜਾ ਰਹੇ ਹਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਚੋਟੀ ਦੇ ਅਧਿਕਾਰੀਆਂ ਦੀ ਸੂਚੀ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਨਾਂ ਦੀ ਨਿਯੁਕਤੀ 2026 ਦੇ ਪਹਿਲੇ ਦਿਨਾਂ ‘ਚ ਕਰ ਦਿੱਤੀ ਜਾਵੇਗੀ, ਇਹ ਉਹੀ ਅਧਿਕਾਰੀ ਹਨ ਜਿਨਾਂ ਨੂੰ ਪੰਜਾਬ ‘ਚ ਅਗਲੀ ਵਾਰ ਆਪ ਦੀ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਪੰਜਾਬ ‘ਚ ਆਪ ਦੇ ਜਥੇਬੰਦਕ ਢਾਂਚੇ ਵਿੱਚ ਜਿੱਥੇ ਕੌਮੀ ਕਮੇਟੀ ਨੇ ਆਪਣੀਆਂ ਗੋਟੀਆਂ ਪੂਰੀ ਤਰ੍ਹਾਂ ਫਿੱਟ ਕਰ ਦਿੱਤੀਆਂ ਹਨ ਉਥੇ ਪੰਜਾਬ ਸਰਕਾਰ ‘ਚ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਵੀ ਇਹ ਸਪੱਸ਼ਟ ਕਰਦੀਆਂ ਹਨ ਕਿ ਸਾਰਾ ਕੁਝ “ਲਾਲਾ ਜੀ” ਦੇ ਕੰਟਰੋਲ ਹੇਠ ਹੈ। ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੰਜਾਬ ‘ਚ ਸੱਤਾ ਵਿਰੋਧੀ ਲਹਿਰ ਤੋਂ ਵੀ ਚਿੰਤਤ ਹੈ, ਹਾਈ ਕਮਾਂਡ ਇਸ ਗੱਲ ਤੋਂ ਵੀ ਬਾਖੂਬੀ ਜਾਣੂ ਹੈ ਕਿ ਇਸ ਸੱਤਾ ਵਿਰੋਧੀ ਲਹਿਰ ਲਈ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੀ ਮਾੜੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਘੜੀ ਜਾ ਰਹੀ ਰਣਨੀਤੀ ‘ਚ ਪਾਰਟੀ ਦੇ 30 ਤੋਂ 35 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਬਦਲੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚੋਂ ਕੁਝ ਮੰਤਰੀਆਂ ਨੂੰ ਵੀ ਝਟਕਾਇਆ ਜਾ ਸਕਦਾ ਹੈ। 2020 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਨੇ ਇਹੋ ਰਣਨੀਤੀ ਅਪਣਾਈ ਸੀ ਜਿੱਥੇ 30 ਤੋਂ ਵੱਧ ਨਵੇਂ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਕੇਜਰੀਵਾਲ ਦੀ ਇਹ ਰਣਨੀਤੀ ਸਫਲ ਵੀ ਰਹੀ ਸੀ। ਪਾਰਟੀ ਦੀ ਇਸ ਰਣਨੀਤੀ ਦੀ ਭਿਣਕ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਪੂਰੀ ਤਰ੍ਹਾਂ ਲੱਗੀ ਹੋਈ ਹੈ ਪ੍ਰੰਤੂ ਪਾਰਟੀ ਜਥੇਬੰਦਕ ਢਾਂਚੇ ਦਾ ਕੰਟਰੋਲ ਅਰਵਿੰਦ ਕੇਜਰੀਵਾਲ ਬ੍ਰਿਗੇਡ ਨੇ ਆਪਣੇ ਹੱਥਾਂ ਵਿੱਚ ਕੁਝ ਇਸ ਤਰੀਕੇ ਨਾਲ ਲਿਆ ਹੋਇਆ ਹੈ ਕਿ ਕੋਈ ਕੁਝ ਬੋਲ ਨਹੀਂ ਸਕਦਾ ਅਤੇ ਬੋਲਣ ਵਾਲੇ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੇਖਣਾ ਪਵੇਗਾ। ਆਪ ਦੇ ਕਈ ਮੰਤਰੀ ਤੇ ਵਿਧਾਇਕ ਤਾਂ ਇਸੇ ਕਰਕੇ ਚੁੱਪ ਹਨ ਕਿ ਜਿੰਨਾ ਸਮਾਂ ਹਨ,ਇਹ ਸਰਦਾਰੀਆਂ ਮਾਣੋ, ਜਦੋਂ ਸਮਾਂ ਆਵੇਗਾ ਵੇਖੀ ਜਾਵੇਗੀ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨਾਂ ਦੌਰਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਲਈ ਸਿੱਧੀ ਟੱਕਰ ਕਰਕੇ ਵੀ ਚਿੰਤਤ ਹੈ ਅਤੇ ਕੇਜਰੀਵਾਲ ਬ੍ਰਿਗੇਡ ਅਜਿਹੀ ਰਣਨੀਤੀ ਵੀ ਤਿਆਰ ਕਰ ਰਿਹਾ ਹੈ ਜਿਸ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਪਲੋਸਣ ਦੇ ਯਤਨ ਕੀਤੇ ਜਾਣਗੇ।

Gee98 Ads
error: Content is protected !!