Skip to main content

Gee 98News

ਭਰੂਣ ਹੱਤਿਆ ਦੇ ਨਤੀਜੇ…ਹੁਣ ਮੁੰਡਿਆਂ ਦੇ ਰਿਸ਼ਤਿਆਂ ਲਈ ਨਹੀਂ ਲੱਭ ਰਹੀਆਂ ਕੁੜੀਆਂ

ਬਰਨਾਲਾ,28 ਮਈ,( ਰਾਜਮਹਿੰਦਰ )-

-ਇਹ ਅਟੱਲ ਸੱਚਾਈ ਹੈ ਕਿ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਇੱਕ ਨਾ ਇੱਕ ਦਿਨ ਜ਼ਰੂਰ ਭੁਗਤਣੀ ਪੈਂਦੀ ਹੈ। ਕੁਝ ਲੋਕ ਆਪਣੇ ਸਵਾਰਥ ਦੀ ਖਾਤਰ ਅਜਿਹੇ ਗੁਨਾਹ ਕਰ ਬੈਠਦੇ ਹਨ ਜਿਹੜੇ ਕੁਦਰਤੀ ਨਿਯਮਾਂ ਦੇ ਉਲਟ ਹੁੰਦੇ ਹਨ। ਅਜੋਕੇ ਦੌਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਬੁਰਾਈਆਂ ਅਜਿਹੀਆਂ ਹਨ ਜਿਹੜੀਆਂ ਕੁਝ ਲਾਲਚੀ ਮਨੁੱਖਾਂ ਨੇ ਆਪ ਸਹੇੜੀਆਂ ਹੋਈਆਂ ਹਨ ਅਤੇ ਉਨਾਂ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਅਜਿਹੇ ਲਾਲਚੀ ਮਨੁੱਖਾਂ ਨੇ ਕੁਦਰਤੀ ਨਿਯਮਾਂ ਨਾਲ ਛੇੜਛਾੜ ਕੀਤੀ। ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਸਮਾਜ ਵਿੱਚ ਭਰੂਣ ਹੱਤਿਆ ਦੀ ਬੁਰਾਈ ਨੇ ਲੋਕਾਂ ਦੀ ਅਕਲ ‘ਤੇ ਅਜਿਹਾ ਪਰਦਾ ਪਾਇਆ ਕਿ ਲੋਕ ਪੁੱਤਰ ਮੋਹ ਵਿੱਚ ਅੰਨ੍ਹੇ ਹੋਏ ਜਾਂ ਦਾਜ ਦਹੇਜ ਦੇ ਡਰੋਂ ਗਰਭ ਵਿੱਚ ਜਨਮ ਤੋਂ ਪਹਿਲਾਂ ਹੀ ਧੀਆਂ ਦਾ ਕਤਲ ਕਰਵਾਉਣ ਲੱਗੇ। ਸਾਇੰਸ ਦੀ ਤਰੱਕੀ ਦੇ ਦੌਰ ਵਿੱਚ ਕੁਝ ਅਜਿਹੀਆਂ ਮਸ਼ੀਨਾਂ ਈਜਾਦ ਹੋਈਆਂ ਜਿਨਾਂ ਦੀ ਮਦਦ ਨਾਲ ਗਰਭ ਵਿੱਚ ਹੀ ਭਰੂਣ ਦੇ ਲਿੰਗ ਦਾ ਪਤਾ ਲਗਾਇਆ ਜਾ ਸਕਦੈ ਕਿ ਭਰੂਣ ਨਰ ਹੈ ਜਾਂ ਮਾਦਾ ਹੈ। ਇਹਨਾਂ ਮਸ਼ੀਨਾਂ ਦੀ ਬਦੌਲਤ ਲੋਕਾਂ ਨੇ ‌ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰ ਮੁਕਾਇਆ ਅਤੇ ਪੁੱਤਾਂ ਨੂੰ ਜਨਮ ਦਿੱਤਾ। ਭਰੂਣ ਹੱਤਿਆ ਦੀ ਬੁਰਾਈ ਜਦੋਂ ਹੱਦ ਤੋਂ ਵੱਧ ਗਈ ਤਾਂ ਸਰਕਾਰਾਂ ਹਰਕਤ ਵਿੱਚ ਆਈਆਂ ਅਤੇ ਭਰੂਣ ਹੱਤਿਆ ‘ਤੇ ਕਾਨੂੰਨੀ ਪਾਬੰਦੀ ਲਗਾ ਦਿੱਤੀ, ਵੱਡੀ ਗਿਣਤੀ ਸਕੈਨ ਸੈਂਟਰ ਸੀਲ ਕਰ ਦਿੱਤੇ ਗਏ ਅਤੇ ਕਈ ਡਾਕਟਰਾਂ ਨੂੰ ਜੇਲ੍ਹ ਵੀ ਜਾਣਾ ਪਿਆ ਪ੍ਰੰਤੂ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਭਰੂਣ ਹੱਤਿਆ ਦੇ ਤੌਰ ‘ਤੇ ਵੱਡੀ ਗਿਣਤੀ ਵਿੱਚ ਧੀਆਂ ਦੀ ਕੁੱਖਾਂ ਵਿੱਚ ਹੀ ਹੱਤਿਆ ਹੋ ਚੁੱਕੀ ਸੀ। ਉਸ ਵੇਲੇ ਭਰੂਣ ਹੱਤਿਆ ਦੇ ਅੰਕੜਿਆਂ ਨੇ ਅਜੋਕੇ ਦੌਰ ਵਿੱਚ ਮੁੰਡੇ ਕੁੜੀਆਂ ਦੇ ਰਿਸ਼ਤਿਆਂ ਦਾ ਸੰਤੁਲਨ ਵਿਗਾੜ ਦਿੱਤਾ। ਭਰੂਣ ਹੱਤਿਆ ਦੇ ਦੌਰ ‘ਚ ਪੈਦਾ ਹੋਏ ਮੁੰਡੇ ਨੂੰ ਵਿਆਹੁਣ ਲਈ ਹੁਣ ਲੋਕਾਂ ਨੂੰ ਕੁੜੀਆਂ ਨਹੀਂ ਲੱਭ ਰਹੀਆਂ। ਮੁੰਡੇ ਕੁੜੀਆਂ ਦੇ ਰਿਸ਼ਤੇ ਕਰਵਾਉਣ ਲਈ ਥਾਂ-ਥਾਂ ਖੁੱਲੇ ਮੈਰਿਜ ਬਿਊਰੋ ਵਾਲਿਆਂ ਕੋਲ ਕੁੜੀਆਂ ਨਾਲੋਂ ਮੁੰਡਿਆਂ ਦੇ ਵੇਰਵੇ ਜ਼ਿਆਦਾ ਇਕੱਤਰ ਹੋ ਰਹੇ ਹਨ, ਇਸੇ ਤਰ੍ਹਾਂ ਅਖਬਾਰਾਂ ਵਿੱਚ ਵਿਆਹਾਂ ਦੇ ਇਸ਼ਤਿਹਾਰਾਂ ‘ਚ ਮੁੰਡਿਆਂ ਦੀ ਲੋੜ ਦੀ ਬਜਾਏ ਕੁੜੀ ਦੀ ਲੋੜ ਦੇ ਮੈਟਰੀਮੋਨੀਅਲ ਇਸ਼ਤਿਹਾਰ ਕਿਤੇ ਵੱਧ ਛਪ ਰਹੇ ਹਨ। ਜੇਕਰ ਮਹਾਜਨ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ‌ ਅਗਰਵਾਲ, ਬ੍ਰਾਹਮਣ, ਖੱਤਰੀ ਇਹੋ ਜਿਹੀਆਂ ਹੋਰ ਅਨੇਕਾਂ ਧਾਰਮਿਕ ਸੰਸਥਾਵਾਂ ਨੇ ਆਪਣੇ ਆਪਣੇ ਸ਼ਹਿਰਾਂ ਵਿੱਚ ਬੱਚਿਆਂ ਦੇ ਰਿਸ਼ਤੇ ਜੋੜਨ ਲਈ ਵਿਸ਼ੇਸ਼ ਵੱਟਸਐਪ ਗਰੁੱਪ ਬਣਾਏ ਹੋਏ ਹਨ। ਇਨਾਂ ਵਟਸਐੱਪ ਗਰੁੱਪਾਂ ਵਿੱਚ ਵੀ ਚੰਗੇ ਚੰਗੇ ਪੜ੍ਹੇ ਲਿਖੇ ਮੁੰਡਿਆਂ ਦੀ ਲਾਈਨ ਲੱਗੀ ਹੋਈ ਹੈ ਪ੍ਰੰਤੂ ਇਹਨਾਂ ਦੇ ਵਿਆਹ ਦੀ ਖਾਤਰ ਕੁੜੀਆਂ ਨਹੀਂ ਲੱਭ ਰਹੀਆਂ। ਵੱਡੀ ਗਿਣਤੀ ਵਿੱਚ ਹੋਈ ਭਰੂਣ ਹੱਤਿਆ ਦਾ ਇੱਕ ਜ਼ਿਕਰਯੋਗ ਪੱਖ ਇਹ ਵੀ ਦੇਖਣ ਵਿੱਚ ਸਾਹਮਣੇ ਆ ਰਿਹਾ ਹੈ ਕਿ ਹੁਣ ਦਾਜ ਦਹੇਜ ਵਾਲਾ ਭੂਤ ਵੀ ਮਰ ਗਿਆ ਲੱਗਦੈ,ਸਗੋਂ ਮੁੰਡੇ ਵਾਲੇ ਕਹਿੰਦੇ ਹਨ ਕਿ ਲੜਕੀ ਮਿਲ ਜਾਵੇ ਵਿਆਹ ਦਾ ਖਰਚ ਵੀ ਆਪ ਹੀ ਕਰ ਲੈਣਗੇ।‌ ਦਰਅਸਲ ਭਰੂਣ ਹੱਤਿਆ ਦੇ ਦੌਰ ਵਿੱਚ ਪੈਦਾ ਹੋਣ ਵਾਲੇ ਮੁੰਡੇ ਕੁੜੀਆਂ ਦੇ ਵਿਗੜੇ ਸੰਤੁਲਨ ਵੱਲ ਜੇਕਰ ਨਜ਼ਰ ਮਾਰੀ ਜਾਵੇ ਤਾਂ ਅਜੋਕੇ ਦੌਰ ਵਿੱਚ ਮੁੰਡਿਆਂ ਦੇ ਰਿਸ਼ਤਿਆਂ ਲਈ ਕੁੜੀਆਂ ਦੇ ਨਾ ਮਿਲਣ ਦੀ ਵੱਡੀ ਸਮੱਸਿਆ ਭਰੂਣ ਹੱਤਿਆ ਦੀ ਕਰਕੇ ਹੀ ਹੈ। ਕੁਦਰਤ ਨਾਲ ਖਿਲਵਾੜ ਕਰਨ ਵਾਲੇ ਕਲਯੁਗੀ ਲੋਕਾਂ ਨੂੰ ਹੁਣ ਸਮਝ ਵੀ ਆਉਣ ਲੱਗੀ ਹੈ ਕਿ ਇਹ ਉਹਨਾਂ ਦੇ ਆਪਣੇ ਹੱਥੀ ਕੀਤੇ ਪਾਪਾਂ ਦੀ ਸਜ਼ਾ ਹੀ ਹੈ। ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ ਗਰਭ ਦੇ ਵਿੱਚ ਕੀਤੀ ਭਰੂਣ ਹੱਤਿਆ ਦੀ ਇਹਨਾਂ ਪਾਪੀ ਲੋਕਾਂ ਨੂੰ ਮਿਲ ਰਹੀ ਸਜ਼ਾ ਦੀ ਇਹ ਅਜਿਹੀ ਗੰਢ ਹੈ ਜਿਹੜੀ ਮੂੰਹ ਨਾਲ ਵੀ ਨਹੀਂ ਖੁੱਲ੍ਹ ਰਹੀ ਅਤੇ ਇਹਨਾਂ ਲੋਕਾਂ ਦੇ ਕੋਲ ਪਛਤਾਵੇ ਅਤੇ ਮਾਨਸਿਕ ਪਰੇਸ਼ਾਨੀ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ।

Gee98 Ads
error: Content is protected !!