Gee 98News

…ਅਸੀਂ 6 ਜੂਨ ਨੂੰ ਅਕਾਲ ਤਖ਼ਤ ‘ਤੇ ਕੋਈ ਸ਼ਰਾਰਤ ਨਹੀਂ ਹੋਣ ਦੇਵਾਂਗੇ…ਸਿਮਰਨਜੀਤ ਸਿੰਘ ਮਾਨ ਦੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਚਿਤਾਵਨੀ

-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਹੀਦੀ ਅਰਦਾਸ ਮੌਕੇ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਦੇ ਸੰਦੇਸ਼ ਦਾ ਵਿਰੋਧ ਕੀਤੇ ਜਾਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਨੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਤਿੱਖੇ ਸ਼ਬਦਾਂ ਵਿੱਚ ਸੁਚੇਤ ਕੀਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਸੀ ਕਿ ਜਥੇਦਾਰ ਨੂੰ ਅਕਾਲ ਤਖ਼ਤ ਵੀ ਫਸੀਲ ਤੋਂ ਸੰਦੇਸ਼ ਨਹੀਂ ਦੇਣ ਦਿੱਤਾ ਜਾਵੇਗਾ, ਬਾਬਾ ਧੁੰਮਾ ਦੇ ਇਸ ਬਿਆਨ ਦਾ ਜਵਾਬ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ”ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਸਿੱਖਾਂ ਦਾ ਆਧਿਆਤਮਿਕ ਤਖ਼ਤ ਹੈ। ਇੱਥੇ ਨਿਮਰਤਾ ਅਤੇ ਸਨਮਾਨ ਨਾਲ, ਸ਼ਹੀਦਾਂ ਦੀ ਯਾਦ ‘ਚ ਇਕਜੁੱਟ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਆਵਾਜ਼ ਰੋਕਣ ਦੀ ਕੋਸ਼ਿਸ਼, ਗ਼ੈਰ ਜਾਇਜ਼ ਅਤੇ ਵੰਡ ਪੈਦਾ ਕਰਨ ਵਾਲੀ ਗੱਲ ਹੈ,ਅਸੀਂ ਇਹੋ ਜਿਹੀ ਸ਼ਰਾਰਤ ਨਹੀਂ ਹੋਣ ਦੇਵਾਂਗੇ।
ਮਾਨ ਨੇ ਕਿਹਾ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਗਿਆਨੀ ਹਰਨਾਮ ਸਿੰਘ ਤਖ਼ਤ ਦੀ ਮਰਿਆਦਾ ਨੂੰ ਬਣਾਈ ਰੱਖਣ ਅਤੇ ਆਪਣੇ ਬਿਆਨਾਂ ਵਿੱਚ ਸੰਜੀਦਗੀ ਅਤੇ ਸਤਿਕਾਰ ਨਿਭਾਉਣ। ਉਨਾਂ ਕਿਹਾ ਕਿ “ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ 6 ਜੂਨ ਨੂੰ ਹੋਣ ਵਾਲੇ ਸਮਾਗਮ ਪੂਰੇ ਸਾਂਝੇਪਣ, ਏਕਤਾ ਅਤੇ ਨਿਮਰਤਾ ਨਾਲ ਮਨਾਏ ਜਾਣ, ਤਾਂ ਜੋ ਸਾਡੇ ਸ਼ਹੀਦਾਂ ਦੀ ਯਾਦ ਅਸਲ ਰੂਪ ਵਿੱਚ ਸਫਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਨਾਮ ਸਿੰਘ ਵੱਲੋਂ 6 ਜੂਨ ਨੂੰ ਅਲੱਗ ਤੌਰ ‘ਤੇ ਦਮਦਮੀ ਟਕਸਾਲ ਮਹਿਤਾ ਵਿਖੇ ਸਮਾਗਮ ਕਰਨਾ ਵੀ ਸਹੀ ਨਹੀ ਹੈ। ਇਹ ਸਮਾਂ ਵੰਡ ਦਾ ਨਹੀਂ, ਏਕਤਾ ਦਾ ਹੈ। ਅਸੀਂ ਅਪੀਲ ਕਰਦੇ ਹਾਂ ਕਿ ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਕੀਤਾ ਜਾਵੇ, ਤਾਂ ਜੋ ਸਾਰੀ ਕੌਮ ਨੂੰ ਇੱਕ ਸੰਦੇਸ਼ ਦੀ ਇੱਕ ਹੀ ਅਵਾਜ਼ ਆਵੇ ।

error: Content is protected !!