ਖਾਲਸਾ ਦੀ ਰਿਹਾਇਸ਼ ‘ਤੇ ਬਾਪੂ ਤਰਸੇਮ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ
ਬਰਨਾਲਾ,1 ਜੂਨ, Gee98 News service
ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਸਮੇਤ ਪੰਜ ਮੁੱਖ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਅੱਜ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਦੀ ਸਥਾਨਕ ਰਿਹਾਇਸ਼ ‘ਤੇ ਉਚੇਚੇ ਤੌਰ ‘ਤੇ ਪੁੱਜੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਈ ਰਾਜਦੇਵ ਸਿੰਘ ਖਾਲਸਾ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋਫੈਸਰ ਬੀਬੀ ਸਤਨਾਮ ਕੌਰ ਪਟਿਆਲਾ, ਸੁਖਦੇਵ ਸਿੰਘ ਸੰਧੂ ਕਾਦੀਆਂ ਅਤੇ ਪ੍ਰਗਟ ਸਿੰਘ ਮੀਆਂਵਿੰਡ ਨੂੰ ਪਾਰਟੀ ਦੇ ਮੁੱਖ ਬੁਲਾਰਿਆਂ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਬੁਲਾਰਿਆਂ ਦੀ ਨਿਯੁਕਤੀ ਪਾਰਟੀ ਦੀ ਢਾਂਚਾਗਤ ਮਜ਼ਬੂਤੀ ਅਤੇ ਵਧ ਰਹੀ ਜਨਤਕ ਪਹੁੰਚ ਦਾ ਇਸ਼ਾਰਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੇ ਖੁਫੀਆ ਤੰਤਰ ਸੀਆਈਡੀ ਅਤੇ ਹੋਰ ਖੁਫ਼ੀਆ ਏਜੰਸੀਆਂ ਵੱਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਜੁੜੇ ਵਰਕਰਾਂ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੂੰ ਫੋਨਾਂ ਰਾਹੀਂ ਡਰਾਇਆ ਜਾ ਰਿਹਾ, ਪੁਲਿਸ ਚੌਂਕੀਆਂ ‘ਤੇ ਬੁਲਾ ਕੇ ਹੱਕ ਹਕੂਕ ਦੀ ਲੜਾਈ ਤੋਂ ਹਟਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਈ ਪਾਰਟੀ ਆਗੂਆਂ ਨੂੰ ਥਾਣਿਆਂ ‘ਚ ਬੁਲਾ ਕੇ ਘੰਟਿਆਂ ਘੰਟਿਆਂ ਤੱਕ ਬਿਠਾ ਕੇ ਹੱਦੋਂ ਵੱਧ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਫੋਨ ਦੀ ਰਿਕਾਰਡਿੰਗ ਜਾਂ ਉਹਨਾਂ ਦੇ ਸਾਥੀ ਵਰਕਰਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਜੋ ਸਿੱਧੇ ਤੌਰ ‘ਤੇ ਲੋਕਤੰਤਰ ਅਤੇ ਨਿੱਜੀ ਹੱਕਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਉਹਨਾਂ ਨੇ ਸਿਸਟਮ ਦੇ ਵਿਰੋਧ ਵਿੱਚ ਆਵਾਜ਼ ਚੁੱਕੀ ਤਾਂ ਨਤੀਜੇ ਭੋਗਣੇ ਪੈਣਗੇ। ਉਹਨਾਂ ਕਿਹਾ ਕਿ ਸਰਕਾਰਾਂ ਦੀ ਇਹ ਬੁਖਲਾਹਟ ਸਪੱਸ਼ਟ ਕਰਦੀ ਹੈ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਆਵਾਜ਼ ਤੋਂ ਡਰਦੀ ਹੈ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਭਾਈ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਤਾਨਾਸ਼ਾਹੀ ਭਰਪੂਰ ਹੱਥ ਕੰਡਿਆਂ ਦੀ ਸਖ਼ਤ ਨਿੰਦਾ ਕਰਦਾ ਅਤੇ ਚੇਤਾਵਨੀ ਦਿੰਦਾ ਹੈ ਕਿ ਜੇਕਰ ਇਹ ਬੇਬੁਨਿਆਦ ਪ੍ਰੇਸ਼ਾਨੀਆਂ ਬੰਦ ਨਾ ਹੋਈਆਂ ਤਾਂ ਪਾਰਟੀ ਸੂਬਾ ਭਰ ‘ਚ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕਰਨ ਲਈ ਮਜ਼ਬੂਰ ਹੋਵੇਗੀ। ਉਹਨਾਂ ਕਿਹਾ ਕਿ ਪਾਰਟੀ ਦੀ ਲੜਾਈ ਨਿਆਂ, ਸੱਚਾਈ ਅਤੇ ਪੰਜਾਬੀਆਂ ਦੇ ਹੱਕਾਂ ਲਈ ਹੈ। ਇਸ ਮੌਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਆਪਣੀ ਨਿਯੁਕਤੀ ਦੇ ਸੰਦਰਭ ਵਿੱਚ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਕੌਮ ਦੇ ਹੱਕਾਂ ਹਿੱਤਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹਿਣਗੇ।