Gee 98News

ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਲਈ ਵਿਦੇਸ਼ ਤੋਂ ਆਇਆ ਪਾਰਸਲ, ਸੁਰੱਖਿਆ ਏਜੰਸੀਆਂ ‘ਚ ਹਲਚਲ

-ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਸਾਜਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਵਿਦੇਸ਼ ਤੋਂ ਕਿਸੇ ਨੇ ਅਜਿਹਾ ਪਾਰਸਲ ਭੇਜਿਆ ਜਿਸ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ‘ਚ ਹਲਚਲ ਵਧਾ ਦਿੱਤੀ। ਦਰਅਸਲ ਗੁਜਰਾਤ ਦੀ ਸਾਬਰਮਤੀ ਕੇਂਦਰੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਲਈ ਆਸਟਰੇਲੀਆ ਤੋਂ ਇੱਕ ਪਾਰਸਲ ਆਇਆ। ਆਸਟਰੇਲੀਆ ਤੋਂ ਆਇਆ ਇਹ ਪਾਰਸਲ ਗੁਜਰਾਤ ਦੇ ਵਿਦੇਸ਼ੀ ਡਾਕ ਘਰ ਤੋਂ ਫੜਿਆ ਗਿਆ ਜਿਸ ਦੀ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਅਨੁਸਾਰ ਲਾਰੈਂਸ ਬਿਸ਼ਨੋਈ ਲਈ ਇਹ ਪਾਰਸਲ ਵੰਦਨਾ ਗੌਰ ਦੇ ਨਾਮ ਤੋਂ ਭੇਜਿਆ ਗਿਆ, ਜਿਸ ਦਾ ਪਤਾ ਆਸਟਰੇਲੀਆ ਵਿੱਚ ਲਿਖਿਆ ਗਿਆ ਹੈ ਪਰੰਤੂ ਏਜੰਸੀਆਂ ਦੀ ਪੜਤਾਲ ਚ ਇਹ ਪਤਾ ਨਕਲੀ ਨਿਕਲਿਆ ਹੈ। ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਲਈ ਭੇਜੇ ਇਸ ਪਾਰਸਲ ਵਿੱਚ ਸਿਰਫ਼ ਇੱਕ ਤੌਲੀਆ ਤੇ ਇੱਕ ਪਾਵਰਫੁੱਲ ਸ਼ੇਵਰ ਰੱਖਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਇਸ ਨਜ਼ਰੀਏ ਤੋਂ ਵੀ ਇਸ ਦੀ ਪੜ੍ਹਤਾਲ ਕਰ ਰਹੀਆਂ ਹਨ ਕਿ ਇਹ ਪਾਰਸਲ ਇਕ ਟੈਸਟ ਦੇ ਤੌਰ ‘ਤੇ ਭੇਜਿਆ ਗਿਆ ਹੋ ਸਕਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਜੇਕਰ ਬਿਸ਼ਨੋਈ ਨੂੰ ਜੇਲ੍ਹ ਵਿੱਚ ਕੁਝ ਭੇਜਣਾ ਹੋਵੇ ਤਾਂ ਕੋਈ ਪਰੇਸ਼ਾਨੀ ਦਾ ਨਹੀਂ ਆਵੇਗੀ। ‌ ਅਧਿਕਾਰੀਆਂ ਅਨੁਸਾਰ ਇਸ ਕੋਰੀਅਰ ਲਈ ਅੰਤਰਰਾਸ਼ਟਰੀ ਡਾਕ ਖਰਚਿਆਂ ਦੇ ਤੌਰ ‘ਤੇ ਲੱਗਭੱਗ 7000 ਰੁਪਏ ਅਦਾ ਕੀਤੇ ਗਏ ਹਨ ਜੋ ਕਿ ਅਜਿਹੇ ਪਾਰਸਲਾਂ ਲਈ ਆਮ ਰਕਮ ਨਾਲੋਂ ਬਹੁਤ ਜ਼ਿਆਦਾ ਹੈ ਜਿਸ ਕਰਕੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਪਿੱਛੇ ਕੋਈ ਹੋਰ ਵੱਡਾ ਉਦੇਸ਼ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਉਸਦੇ ਪ੍ਰਸ਼ੰਸਕਾਂ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਹੀ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਅਕਸਰ ਲਗਾਏ ਜਾਂਦੇ ਹਨ। ‌

error: Content is protected !!