Gee 98News

ਪੰਜਾਬ ‘ਚ ਭੁੱਕੀ ਤੇ ਅਫ਼ੀਮ ਦੀ ਖੇਤੀ ਹੀ ਚਿੱਟੇ ਤੇ ਸਿੰਥੈਟਿਕ ਨਸ਼ਿਆਂ ਦਾ ਬਦਲ- ਰਾਜਾ ਵੜਿੰਗ

Gee98 Ads

-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬੇ ‘ਚ ਕੀਤੀਆਂ ਜਾ ਰਹੀਆਂ ਸੰਵਿਧਾਨ ਬਚਾਓ ਰੈਲੀਆਂ ਦੀ ਲੜੀ ਤਹਿਤ ਬਰਨਾਲਾ ਜ਼ਿਲ੍ਹੇ ਦੀ ਇੱਕ ਵਿਸ਼ਾਲ ਰੈਲੀ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਵਿੱਚ ਕੀਤੀ ਗਈ। ਇਸ ਸੰਵਿਧਾਨ ਬਚਾਓ ਰੈਲੀ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸ ਪਾਰਟੀ ਦੇ ਸੂਬੇ ਦੇ ਚੋਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੁੰਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਦੇਸ਼ ਦੇ ਆਮ ਲੋਕਾਂ ਲਈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਵੱਲੋਂ ਤਿਆਰ ਕੀਤੇ ਸੰਵਿਧਾਨ ਨੂੰ ਬਦਲਣ ਲਈ ਭਾਜਪਾ ਸਾਜਿਸ਼ਾਂ ਕਰ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸੰਵਿਧਾਨ ਬਦਲਣ ਲਈ ਭਾਜਪਾ ਵੱਲੋਂ ਸਮੇਂ ਸਮੇਂ ‘ਤੇ ਹਥਕੰਡੇ ਅਪਣਾਏ ਜਾ ਰਹੇ ਹਨ ਪ੍ਰੰਤੂ ਕਾਂਗਰਸ ਅਜਿਹਾ ਹੋਣ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਸੰਵਿਧਾਨ ਬਣਾਉਣ ਵਾਲੀ ਕਮੇਟੀ ‘ਚ ਡਾਕਟਰ ਅੰਬੇਡਕਰ ਤੋਂ ਇਲਾਵਾ ਦੇਸ਼ ਦੇ ਉਸ ਵੇਲੇ ਦੇ ਉੱਚ ਕੋਟੀ ਦੇ ਵਿਦਵਾਨ ਸ਼ਾਮਿਲ ਸਨ ਜਿਨ੍ਹਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਸੰਵਿਧਾਨ ਤਿਆਰ ਕੀਤਾ ਜਿਸ ਵਿੱਚ ਹਰ ਵਰਗ, ਹਰ ਧਰਮ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਪ੍ਰੰਤੂ ਭਾਜਪਾ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਂਦੀ ਹੋਈ ਸੰਵਿਧਾਨ ਬਦਲਣ ਦੀਆਂ ਸਾਜਿਸ਼ਾਂ ਕਰ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਇੱਕ ਗੁਲਦਸਤਾ ਹੈ ਜਿਸ ਵਿੱਚ ਵੱਖ-ਵੱਖ ਵਰਗਾਂ ਧਰਮਾਂ ਦੇ ਲੋਕ ਫੁੱਲਾਂ ਦੀ ਤਰ੍ਹਾਂ ਸਜੇ ਹੋਏ ਹਨ ਪਰੰਤੂ ਭਾਜਪਾ ਇਸ ਗੁਲਦਸਤੇ ਦੇ ਸਾਰੇ ਫੁੱਲਾਂ ਨੂੰ ਕੱਢ ਕੇ ਸਿਰਫ ਇੱਕੋ ਭਗਵੇਂ ਰੰਗ ਦਾ ਫੁੱਲ ਹੀ ਰੱਖਣਾ ਚਾਹੁੰਦੀ ਹੈ। ਰੈਲੀ ਵਿੱਚ ਬਰਨਾਲਾ ਜ਼ਿਲ੍ਹੇ ਦੇ ਕਾਂਗਰਸੀ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਪ੍ਰਭਾਵਿਤ ਹੋ ਕੇ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ 2027 ਵਿੱਚ ਕਾਂਗਰਸ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਸੰਗਰੂਰ ਤੇ ਬਰਨਾਲੇ ‘ਤੇ ਕਬਜ਼ਾ ਕਰੇਗੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ‘ਚ ਆਪ ਸਰਕਾਰ ਦੀ ਸਿੱਖਿਆ ਕ੍ਰਾਂਤੀ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ‘ਚ ਭੁੱਕੀ ਅਤੇ ਅਫੀਮ ਦੀ ਖੇਤੀ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਚਿੱਟੇ ਅਤੇ ਹੋਰ ਸਿੰਥੈਟਿਕ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ‘ਚ ਭੁੱਕੀ ਅਤੇ ਅਫ਼ੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ।

ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਕੌਮੀ ਖਜ਼ਾਨਚੀ ਸ੍ਰੀ ਵਿਜੇੰਦਰ ਸਿੰਗਲਾ,ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਮਦਨ ਲਾਲ ਜਲਾਲਪੁਰ, ਦਲਵੀਰ ਸਿੰਘ ਗੋਲਡੀ, ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਦੇਸ਼ ਵਿੱਚ ਜਦ ਵੀ ਕਿਧਰੇ ਕੋਈ ਲਹਿਰ, ਦੇਸ਼ ਵਿਰੋਧੀ ਤਾਕਤਾਂ ਤੋਂ ਬਚਾਉਣ ਲਈ ਖੜੀ ਹੋਈ ਹੈ ਤਾਂ ਪੰਜਾਬ ਨੇ ਉਸ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਉਕਤ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਵੱਲੋਂ ਸੰਵਿਧਾਨ ਬਦਲਣ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਨੂੰ ਰੋਕਣ ਲਈ ਭਾਜਪਾ ਦੀਆਂ ਫਿਰਕੂ ਨੀਤੀਆਂ ਦੇ ਖ਼ਿਲਾਫ਼ ਮੈਦਾਨ ਵਿੱਚ ਡਟਣ। ਉਕਤ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਵੀ ਦਿੱਲੀ ਵਾਲਾ ਹਸ਼ਰ ਹੋਵੇਗਾ ਅਤੇ ਮੁੜ ਦੇਸ਼ ਦੀ ਰਾਜਨੀਤੀ ‘ਚ ਕਿਧਰੇ ਵੀ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਟਿਕਣਗੇ। ਕਾਂਗਰਸ ਦੀ ਇਸ ਜ਼ਿਲਾ ਪੱਧਰੀ ਸੰਵਿਧਾਨ ਰੈਲੀ ਵਿੱਚ ਲੋਕਾਂ ਦੇ ਵਿਸ਼ਾਲ ਇਕੱਠ ਦਾ ਧੰਨਵਾਦ ਕਰ ਰਹੇ ਹੋਏ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੀਆਂ ਫਿਰਕੂ ਨੀਤੀਆਂ ਨੂੰ ਹਰਾਉਣ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਲੋਕ ਵਿਰੋਧੀ ਸਰਕਾਰ ਨੂੰ ਚੱਲਦਾ ਕਰਨ ਲਈ ਹੁਣੇ ਤੋਂ ਹੀ ਕਮਰਕੱਸੇ ਕਰਕੇ ਮੈਦਾਨ ਵਿੱਚ ਨਿੱਤਰਣ ਤਾਂ ਜੋ ਪੰਜਾਬ ‘ਚ ਹਮੇਸ਼ਾ ਲੋਕਾਂ ਤੇ ਹਿੱਤਾਂ ਦੀ ਗੱਲ ਕਰਨ ਵਾਲੀ ਅਤੇ ਸੰਵਿਧਾਨ ਦੀ ਰਾਖੀ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬਣੇ। ਜ਼ਿਕਰਯੋਗ ਹੈ ਕਿ ਜ਼ਿਲਾ ਕਾਂਗਰਸ ਕਮੇਟੀ ਵੱਲੋਂ ਰੈਲੀ ਲਈ ਕੀਤੇ ਪ੍ਰਬੰਧ ਉਸ ਵੇਲੇ ਫਿੱਕੇ ਪੈ ਗਏ ਜਦ ਕਾਂਗਰਸ ਦੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਲੋਕਾਂ ਨੇ ਆਪ ਮੁਹਾਰੇ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਸੰਵਿਧਾਨ ਬਚਾਓ ਰੈਲੀ ਵਿੱਚ ਲੋਕਾਂ ਦੇ ਵਿਸ਼ਾਲ ਇਕੱਠ ਨੇ ਬਰਨਾਲਾ ਜ਼ਿਲ੍ਹੇ ‘ਚ ਸੱਤਾ ਵਿਰੋਧੀ ਲਹਿਰ ਦੀ ਇੱਕ ਤਸਵੀਰ ਪੇਸ਼ ਕੀਤੀ।

Gee98 Ads

error: Content is protected !!