ਚੰਡੀਗੜ੍ਹ,11 ਜੂਨ, Gee98 News service
-ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਮਰ ਵੇਲ ਵਾਂਗ ਵਧ ਰਹੀ ਆਮਦਨ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਚੈਲੰਜ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਪੰਜਾਬ ‘ਚ ਨਸ਼ਿਆਂ ਦੀ ਬਿਮਾਰੀ ਲਈ ਅਕਾਲੀਆਂ ਤੇ ਕਾਂਗਰਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਕੀਤੀ ਸੀ,ਹੁਣ ਇਸ ਮਾਮਲੇ ਵਿੱਚ ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਡੋਪ ਟੈਸਟ ਤਾਂ ਛੋਟੀ ਗੱਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਪਹਿਲਾਂ ਸਾਰੇ ਪ੍ਰਧਾਨਾਂ, ਲੀਡਰਾਂ ਤੇ ਵਿਧਾਇਕਾਂ ਦੇ ਮਨੀ ਟ੍ਰੇਲ ਦੀ ਜਾਂਚ ਕਰਵਾਈ ਜਾਏ।ਇਹ ਜ਼ਿੰਮੇਵਾਰੀ ਈਡੀ ਨੂੰ ਸੌਂਪੀ ਜਾਏ। ਜਾਖੜ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਨੂੰ ਤਾਂ ਫੜ ਲਵੋਗੇ, ਪਰ ਵੇਚਣ ਵਾਲਿਆਂ ਨੂੰ ਕਿਵੇਂ ਫੜੋਗੇ। ਸੁਨੀਲ ਜਾਖੜ ਨੇ ਦਾਅਵਾ ਕੀਤਾ ਕਿ ਲੀਡਰਾਂ ਅਤੇ ਵਿਧਾਇਕਾਂ ਦੀ ਮਨੀ ਟਰੇਲ ਜਾਂਚ ਰਾਹੀਂ ਨਸ਼ਾ ਵੇਚਣ ਵਾਲਿਆਂ ਨੂੰ ਫੜੇ ਜਾਣਾ ਸੰਭਵ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸਾਰੇ ਆਗੂਆਂ ਤੇ ਵਿਧਾਇਕਾਂ ਦੇ ਮਨੀ ਟ੍ਰੇਲ ਦੀ ਜਾਂਚ ਕਰਵਾਓ,ਪਤਾ ਕਰੋ ਕਿ ਪੈਸਾ ਕਿੱਥੋਂ ਆ ਰਿਹਾ ਹੈ, ਪਤਾ ਲਾਓ ਕਿ ਉਨ੍ਹਾਂ ਕੋਲ 5-10 ਸਾਲ ਪਹਿਲਾਂ ਕੀ ਸੀ। ਹੁਣ ਉਨ੍ਹਾਂ ਲਈ ਕਿਹੜੀ ਲਾਟਰੀ ਖੁੱਲ੍ਹ ਗਈ। ਫਿਰ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ। ਹੁਣ ਕਿਸੇ ਨੇ ਆਪਣੀ ਪਤਨੀ ਤੇ ਬੱਚੇ ਦੇ ਨਾਮ ‘ਤੇ ਜਾਇਦਾਦ ਖਰੀਦੀ ਹੈ। ਕੱਲ੍ਹ ਤੱਕ ਘਰ ਲਈ ਜਗ੍ਹਾ ਨਹੀਂ ਸੀ। ਹੁਣ ਉਹ ਗੋਆ ਵਿੱਚ ਜਾਇਦਾਦ ਖਰੀਦ ਰਹੇ ਹਨ। ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਚਾਰ ਏਕੜ ਵਿੱਚ ਹੈ ਪਰ ਹੁਣ ਦੇਖੋ ਕਿਸੇ ਨੇ 8 ਤੇ 10 ਏਕੜ ਦਾ ਫਾਰਮ ਹਾਊਸ ਬਣਾਇਆ ਹੈ, ਕੰਧਾਂ ਕੇਂਦਰੀ ਜੇਲ੍ਹ ਵਰਗੀਆਂ ਹਨ। ਉਹ ਵੀ ਕੰਕਰੀਟ ਦੀਆਂ ਬਣੀਆਂ ਹੋਈਆਂ ਹਨ,ਪਤਾ ਨਹੀਂ ਉਹ ਅੰਦਰ ਕੀ ਕਰਦੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਜਦੋਂ 2022 ਵਿੱਚ ਸਰਕਾਰ ਬਣੀ ਸੀ ਤਾਂ 35 ਲੱਖ ਡੱਬੇ ਅੰਗਰੇਜ਼ੀ ਸ਼ਰਾਬ ਵਿਕਦੀ ਸੀ। ਹੁਣ ਇੱਕ ਕਰੋੜ ਵਿਕ ਰਹੇ ਹਨ। ਇਸ ਦੇ ਨਾਲ ਹੀ ਹਰ ਮਹੀਨੇ 91 ਲੱਖ ਦੀਆਂ ਟ੍ਰਾਮਾਡੋਲ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਤੁਸੀਂ ਲੋਕਾਂ ਨੂੰ ਮੂਰਖ ਕਿਉਂ ਬਣਾ ਰਹੇ ਹੋ ?










