Gee 98News

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

ਬਰਨਾਲਾ ,14 ਜੂਨ ( ਨਿਰਮਲ ਸਿੰਘ ਪੰਡੋਰੀ )-
-ਗਰਮੀ ਦੇ ਵੱਧ ਰਹੇ ਪ੍ਰਕੋਪ ਦੌਰਾਨ ਇੱਕ ਪਾਸੇ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਯਤਨਾਂ ਵਿੱਚ ਹਨ ਪ੍ਰੰਤੂ ਦੂਜੇ ਪਾਸੇ ਪੰਜਾਬ ਦੇ ਵਣ ਵਿਭਾਗ ਦੀਆਂ ਅੱਖਾਂ ਦੇ ਸਾਹਮਣੇ ਲੋਕ ਵਣ ਵਿਭਾਗ ਦੀ ਜ਼ਮੀਨ ਵਿੱਚ ਲੱਗੇ ਰੁੱਖ ਸ਼ਰੇਆਮ ਪੁੱਟ ਰਹੇ ਹਨ ਅਤੇ ਵਿਭਾਗ ਦੇ ਅਫ਼ਸਰਾਂ ਨੇ ਸਭ ਕੁਝ ਦੇਖਦੇ ਹੋਏ ਵੀ ਚੁੱਪ ਵੱਟੀ ਹੋਈ ਹੈ। ਬਰਨਾਲਾ ਸੰਘੇੜਾ ਬਾਈਪਾਸ ‘ਤੇ ਪੱਤੀ ਰੋਡ ਤੋਂ ਮੋਟਰਸਾਈਕਲ ਮਾਰਕੀਟ ਦੇ ਦਰਮਿਆਨ ਕਿਸੇ ਫਾਰਮ ਵੱਲੋਂ ‌ ਸੜਕ ਦੇ ਕਿਨਾਰੇ ਵਣ ਵਿਭਾਗ ਦੀ ਜਗ੍ਹਾ ਵਿੱਚ ਲੱਗੇ ਰੁੱਖ ਪੁੱਟ ਕੇ ਮਿੱਟੀ ਪਾ ਕੇ ਕਬਜ਼ਾ ਕੀਤਾ ਜਾ ਰਿਹਾ ਹੈ, ਪ੍ਰੰਤੂ ਬਰਨਾਲਾ ਦੇ ਵਣ ਰੇਂਜ ਅਫ਼ਸਰ ਵੱਲੋਂ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ‌ ਸ਼ਹਿਰ ਦੇ ਕੁਝ ਸਮਾਜ ਸੇਵੀਆਂ ਨੇ ਜਦ ਪੱਤਰਕਾਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਤਾਂ ਪੱਤਰਕਾਰਾਂ ਨੇ ਵਣ ਰੇਂਜ ਅਫ਼ਸਰ ਦੇ ਦਫ਼ਤਰ ਜਾ ਕੇ ਮਾਮਲੇ ਸਬੰਧੀ ਚਰਚਾ ਕੀਤੀ ਪਰ ਹੈਰਾਨੀ ਦੀ ਗੱਲ ਹੈ ਕਿ ਵਣ ਰੇਂਜ ਅਫ਼ਸਰ ਨੇ ਮੌਕੇ ‘ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਦੀ ਖੇਚਲਾ ਵੀ ਨਹੀਂ ਕੀਤੀ। ਦੱਸ ਦੇਈਏ ਕਿ ਸਬੰਧਿਤ ਫਰਮ/ਵਿਅਕਤੀ ਵੱਲੋਂ ਵਣ ਵਿਭਾਗ ਦੀ ਜ਼ਮੀਨ ਵਿੱਚ ਲੱਗੇ ਰੁੱਖ ਪੁੱਟ ਕੇ ਸੜਕ ਦੇ ਕਿਨਾਰੇ ਤੱਕ ਮਿੱਟੀ ਪਾ ਦਿੱਤੀ ਗਈ ਹੈ ਅਤੇ ਜਿੱਥੇ ਪਹਿਲਾਂ ਰੁੱਖ ਲੱਗੇ ਹੋਏ ਸੀ ਹੁਣ ਉਸ ਜਗ੍ਹਾ ‘ਤੇ ਲੋਹੇ ਦੀ ਵੱਡੀ ਗਰਿੱਲ ਲਗਾਈ ਜਾ ਰਹੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਸ ਜਗ੍ਹਾ ‘ਤੇ ਦੁਬਾਰਾ ਰੁੱਖ ਲਗਾਉਣੇ ਸੰਭਵ ਨਹੀਂ ਹਨ। ‌ ਜੇਕਰ ਸਬੰਧਿਤ ਫਰਮ/ਵਿਅਕਤੀ ਵੱਲੋਂ ਰੁੱਖ ਪੁੱਟਣ ਦੀ ਮਨਜ਼ੂਰੀ ਲਈ ਗਈ ਹੈ ਤਾਂ ਮਨਜ਼ੂਰੀ ਦੇਣ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਜਗ੍ਹਾ ‘ਤੇ ਕਿਸੇ ਵੀ ਤਰ੍ਹਾਂ ਦਾ ਵਿਕਾਸ ਕਰਨ ਲਈ ਰੁੱਖ ਪੁੱਟਣ ਦੀ ਜਰੂਰਤ ਹੀ ਨਹੀਂ ਸੀ ਫਿਰ ਵੀ ਸਬੰਧਿਤ ਵਿਅਕਤੀ/ਫਰਮ ਵੱਲੋਂ ਆਪਣੇ ਸੁਆਰਥ ਦੀ ਖ਼ਾਤਰ ਪਹਿਲਾਂ ਤੋਂ ਲੱਗੇ ਰੁੱਖ ਪੁੱਟ ਦਿੱਤੇ ਗਏ ਹਨ। ਇਹ ਮਾਮਲਾ ਬਰਨਾਲਾ ਦੇ ਵਣ ਰੇਂਜ ਅਫ਼ਸਰ,ਵਣ ਗਾਰਡ,ਬਲਾਕ ਅਫ਼ਸਰ ਸਾਰਿਆਂ ਦੇ ਧਿਆਨ ਵਿੱਚ ਹੈ ਪ੍ਰੰਤੂ ਕਿਸੇ ਨੇ ਵੀ ਮੌਕੇ ‘ਤੇ ਜਾ ਕੇ ਸਬੰਧਤ ਫਰਮ/ਵਿਅਕਤੀ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਜਿਸ ਤੋਂ ਸ਼ੱਕ ਪ੍ਰਗਟ ਹੁੰਦਾ ਹੈ ਕਿ ਵਿਭਾਗ ਦੇ ਇਹਨਾਂ ਅਧਿਕਾਰੀਆਂ ਨੂੰ ਸ਼ਾਇਦ “ਮਹਾਤਮਾ ਗਾਂਧੀ” ਜੀ ਰੋਕ ਰਹੇ ਹਨ।‌
ਇਹ ਮਾਮਲਾ ਜਦੋਂ ਪੱਤਰਕਾਰਾਂ ਵੱਲੋਂ ਵਣ ਮੰਡਲ ਅਫ਼ਸਰ ਸੰਗਰੂਰ ਸ੍ਰੀਮਤੀ ਮੋਨਿਕਾ ਦੇਵੀ ਯਾਦਵ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਉਹ ਵਣ ਰੇਂਜ ਅਫਸਰ ਨੂੰ ਮੌਕਾ ਦੇਖ ਕੇ ਰਿਪੋਰਟ ਭੇਜਣ ਦੇ ਹੁਕਮ ਦੇ ਰਹੇ ਹਨ, ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਬੰਧਿਤ ਫਰਮ/ਵਿਅਕਤੀ ਨੇ ਬਿਨਾਂ ਮਨਜ਼ੂਰੀ ਤੋਂ ਰੁੱਖ ਪੁੱਟੇ ਹਨ ਅਤੇ ਵਣ ਵਿਭਾਗ ਦੀ ਜਗ੍ਹਾ ‘ਤੇ ਕਬਜ਼ਾ ਕੀਤਾ ਹੈ ਤਾਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!