ਚੰਡੀਗੜ੍ਹ ,16 ਜੂਨ, Gee98 news service
-ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਨੇੜੇ ਇੱਕ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਦੇ ਮੁਖੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਸ਼ਰਧਾਲੂ ਦੇ ਬਿਆਨਾਂ ‘ਤੇ ਪੁਲਿਸ ਥਾਣਾ ਦਾਖਾ ਵਿਖੇ ਸਵਾਮੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਲਾਂਪੁਰ ਨੇੜੇ ਪਿੰਡ ਤਲਵੰਡੀ ‘ਚ ਬਣੀ ਭੂਰੀਵਾਲੀ ਕੁਟੀਆ ਦੇ ਮੁਖੀ ਸਵਾਮੀ ਸ਼ੰਕਰਨੰਦ ਵੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਇਹ ਧਾਰਮਿਕ ਅਸਥਾਨ ਸ਼ੱਕ ਦੇ ਘੇਰੇ ਵਿੱਚ ਆ ਗਿਆ। ਸਾਧ ਸ਼ੰਕਰਾਨੰਦ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਿਆਣਾ ਦੇ ਝੱਜਰ ਨੇੜੇ ਸਥਿਤ ਚਡੂਨੀ ਸਾਹਿਬ ਮੰਦਰ ਦੇ ਮੁਖੀ ਸੁਆਮੀ ਦਯਾਸਾਗਰ ਨੇ ਭਾਵੇਂ ਕਿ ਸ਼ੰਕਰਾਨੰਦ ਨੂੰ ਅਸਥਾਨ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਇਹ ਪ੍ਰੰਤੂ ਦੂਜੇ ਪਾਸੇ ਇੱਕ ਸ਼ਰਧਾਲੂ ਦੇ ਬਿਆਨਾਂ ‘ਤੇ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਸ਼ੰਕਰਾਨੰਦ ‘ਤੇ ਮੁਕੱਦਮਾ ਵੀ ਦਰਜ ਕੀਤਾ ਹੈ। ਸਵਾਮੀ ਦਯਾਸਾਗਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇਹ ਸ਼ੰਕਰਾਨੰਦ ਨੂੰ ਗੱਦੀ ਤੋਂ ਹਟਾਉਣ ਦਾ ਇੱਕ ਆਦੇਸ਼ ਹੈ, ਪੂਰਾ ਹੁਕਮਨਾਮਾ ਸੰਤਾਂ ਦੀ ਮੀਟਿੰਗ ਕਰਕੇ ਜਾਰੀ ਕੀਤਾ ਜਾਵੇਗਾ। ਸਵਾਮੀ ਦਯਾਸਾਗਰ ਨੇ ਦੱਸਿਆ ਕਿ ਇਹ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਸ਼ੰਕਰਾਨੰਦ ਨੇ ਦੇਸ਼ ਵਿਦੇਸ਼ ਤੋਂ ਆਏ ਦਾਨ ਦੇ ਪੈਸੇ ਨਾਲ ਡੇਰੇ ਦੇ ਨਾਮ ‘ਤੇ ਨਹੀਂ ਸਗੋਂ ਆਪਣੇ ਨਿੱਜੀ ਨਾਮ ‘ਤੇ ਜਾਇਦਾਦ ਖਰੀਦੀ ਹੈ। ਸਵਾਮੀ ਦਯਾਸਾਗਰ ਨੇ ਕਿਹਾ ਕਿ ਸ਼ੰਕਰਾਨੰਦ ਦੀਆਂ ਹਰਕਤਾਂ ਦੇ ਕਾਰਨ ਸੰਤ ਸਮਾਜ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ। ਦੱਸ ਦੇਈਏ ਕਿ ਤਲਵੰਡੀ ਵਾਲਾ ਇਹ ਅਸਥਾਨ ਭੂਰੀ ਵਾਲੇ ਸੰਤਾਂ ਦੀ ਕੁਟੀਆ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਸਵਾਮੀ ਗੰਗਾਨੰਦ ਜੀ ਦੇ ਸ਼ਰਧਾਲੂ ਹਨ, ਜਿੱਥੇ ਹੁਣ ਸ਼ੰਕਰਾਨੰਦ ਗੱਦੀਨਸੀਨ ਸਨ। ਅਜਿਹੇ ਅਸਥਾਨ ਦੇ ਮੁਖੀ ਦੀ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਇਹਨਾਂ ਡੇਰਿਆਂ ਵਿੱਚ ਹੋਣ ਵਾਲੀਆਂ ਗੁਪਤ ਗਤੀਵਿਧੀਆਂ ਦੀਆਂ ਕਹਾਣੀਆਂ ਚਰਚਾ ਵਿੱਚ ਆਈਆਂ ਹਨ।
ਸਵਾਮੀ ਦਯਾਸਾਗਰ ਨੇ ਦੱਸਿਆ ਕਿ ਸ਼ੰਕਰਾਨੰਦ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ ਪ੍ਰੰਤੂ ਉਹ ਨਹੀਂ ਆਏ ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਚਰਚਾ ਇਹ ਵੀ ਹੈ ਕਿ ਸ਼ੰਕਰਾਨੰਦ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਵਾਮੀ ਸ਼ੰਕਰਾਨੰਦ ਨਾਲ ਵੀਡੀਓ ਵਿੱਚ ਜਿਹੜੀ ਔਰਤ ਨਜ਼ਰ ਆ ਰਹੀ ਹੈ ਉਹ ਡੇਰੇ ਦੇ ਆਸ ਪਾਸ ਦੇ ਕਿਸੇ ਪਿੰਡ ਦੀ ਹੀ ਹੈ। ਪੁਲਿਸ ਸ਼ੰਕਰਾਨੰਦ ਦੇ ਦੋ ਅਤਿ ਕਰੀਬੀ ਸ਼ਰਧਾਲੂਆਂ ਦੀ ਪੈੜ ਵੀ ਨੱਪ ਰਹੀ ਹੈ ਜਿਹੜੇ ਕਿ ਇਲਾਕੇ ਦੇ ਰਹਿਣ ਵਾਲੇ ਹਨ ਜਿਹਨਾਂ ਰਾਹੀਂ ਸ਼ੰਕਰਾਨੰਦ ਤੱਕ ਪੁਲਿਸ ਪਹੁੰਚਣ ਦਾ ਯਤਨ ਕਰੇਗੀ।