ਚੰਡੀਗੜ੍ਹ ,17 ਮਾਰਚ, Gee98 News service-
-ਪੰਜਾਬੀ ਫਿਲਮਾਂ ਦੇ ਹੀਰੋ ਤੇ ਗਾਇਕ ਗਿੱਪੀ ਗਰੇਵਾਲ ਨੂੰ ਫੋਨ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਪੀ ਗਰੇਵਾਲ ਨੂੰ ਫੋਨ ‘ਤੇ ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਿਆ। ਗਿੱਪੀ ਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ “ਹਾਂ ਗਿੱਪੀ ਗੋਲਡੀ ਬਰਾੜ ਬੋਲ ਰਿਹਾ ਹਾਂ…ਗਿੱਪੀ ਮੈਂ ਤੈਨੂੰ ਥੋੜੇ ਦਿਨ ਪਹਿਲਾਂ ਵੀ ਮੈਸੇਜ ਕੀਤਾ ਸੀ ਹੁਣ ਤੱਕ ਤੇਰਾ ਕੋਈ ਰਿਪਲਾਈ ਨਹੀਂ ਆਇਆ”। ਫੋਨ ਕਰਨ ਵਾਲੇ ਨੇ ਗਿੱਪੀ ਗਰੇਵਾਲ ਨੂੰ ਉਸ ਵੱਲੋਂ ਭੇਜੇ ਗਏ ਮੈਸੇਜ ਅਣਡਿੱਠ ਕਰਨ ਸਬੰਧੀ ਵੀ ਧਮਕੀ ਦਿੱਤੀ ਹੈ ਅਤੇ ਗੱਲ ਨਾ ਕਰਨ ‘ਤੇ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਨਵੰਬਰ ਨੂੰ ਗਿੱਪੀ ਗਰੇਵਾਲ ਦੇ ਕੈਨੇਡਾ ਵਿਚਲੇ ਘਰ ‘ਤੇ ਵੀ ਫਾਇਰਿੰਗ ਹੋਈ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਤੋਂ ਵੀ ਪਹਿਲਾਂ 2018 ਵਿੱਚ ਗਿੱਪੀ ਗਰੇਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੇ ਨਾਂ ‘ਤੇ ਧਮਕੀ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਸੁਪਰ ਸਟਾਰ ਗਿੱਪੀ ਗਰੇਵਾਲ ਨੂੰ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਦਿੱਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਗਿੱਪੀ ਗਰੇਵਾਲ ਦੀ ਸੁਰੱਖਿਆ ਹਟਾਉਣ ਤੋਂ ਬਾਅਦ ਹੀ ਉਸ ਨੂੰ ਧਮਕੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਗਿੱਪੀ ਗਰੇਵਾਲ ਜਦ ਉਹਨਾਂ ਨੂੰ ਮਿਲਣ ਬਾਦਲ ਉਹਨਾਂ ਦੇ ਪਿੰਡ ਆਇਆ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਦੀ ਸੁਰੱਖਿਆ ਵਾਪਸ ਲੈ ਲਈ ਸੀ।









