ਚੰਡੀਗੜ੍ਹ ,18 ਮਾਰਚ Gee98 News service
-ਦਿਨੋਂ ਦਿਨ ਜੁਰਮ ਦੀਆਂ ਵਧ ਰਹੀਆਂ ਘਟਨਾਵਾਂ ‘ਬਿਊਟੀਫੁੱਲ ਸਿਟੀ ਚੰਡੀਗੜ੍ਹ’ ਦੀ ਸੁੰਦਰਤਾ ਨੂੰ ਦਾਗ਼ਦਾਰ ਕਰ ਰਹੀਆਂ ਹਨ। ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਵਿੱਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਅੱਜ ਚੰਡੀਗੜ੍ਹ ਵਿੱਚ ਕਤਲ ਦੀ ਇੱਕ ਵੱਡੀ ਵਾਰਦਾਤ ਵਾਪਰੀ ਹੈ। ਚੰਡੀਗੜ੍ਹ ਦੇ ਸੈਕਟਰ 9 ਵਿੱਚ ਰੀਅਲ ਅਸਟੇਟ ਦੇ ਇੱਕ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲਾ ਨੌਜਵਾਨ ਚਰਨਪ੍ਰੀਤ ਸਿੰਘ ਜਿਮ ਤੋਂ ਬਾਹਰ ਨਿਕਲ ਕੇ ਆਪਣੀ ਸਕਾਰਪੀਓ ਗੱਡੀ ਵਿੱਚ ਬੈਠ ਰਿਹਾ ਸੀ ਤਾਂ ਇੱਕ ਬਾਈਕ ‘ਤੇ ਆਏ ਦੋ ਨੌਜਵਾਨਾਂ ਨੇ ਉਸ ‘ਤੇ ਤਾਬੜਤੋੜ ਫਾਇਰਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੂੰ ਮੌਕੇ ਤੋਂ 12 ਖਾਲੀ ਕਾਰਤੂਸ ਬਰਾਮਦ ਹੋਏ ਹਨ। ਘਟਨਾ ਤੋਂ ਬਾਅਦ ਚਰਨਪ੍ਰੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਖ਼ੂਨ ਜ਼ਿਆਦਾ ਨਿਕਲ ਜਾਣ ਕਰਕੇ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਪ੍ਰੀਤ ਸਿੰਘ ਨੂੰ ਫੋਨ ‘ਤੇ ਧਮਕੀ ਵੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਉਸਨੇ ਸੁਰੱਖਿਆ ਲੈਣ ਲਈ ਪੁਲਿਸ ਤੱਕ ਪਹੁੰਚ ਕੀਤੀ ਪ੍ਰੰਤੂ ਉਸਨੂੰ ਸੁਰੱਖਿਆ ਨਹੀਂ ਮਿਲੀ। ਇਹ ਵੀ ਪਤਾ ਲੱਗਿਆ ਹੈ ਕਿ ਉਸ ਵੱਲੋਂ ਅਪਲਾਈ ਕੀਤਾ ਅਸਲਾ ਲਾਈਸੈਂਸ ਵੀ ਕਾਫੀ ਸਮੇਂ ਤੋਂ ਪੈਂਡਿੰਗ ਪਿਆ ਹੈ। ਇਸ ਘਟਨਾ ਨੂੰ ਮੁੱਢਲੇ ਤੌਰ ‘ਤੇ ਫਿਰੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਪ੍ਰੰਤੂ ਡੀਐਸਪੀ ਦਲਵੀਰ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਯੂਨੀਵਰਸਿਟੀ ਵਿੱਚ ਬੀਤੇ ਕੱਲ੍ਹ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਅੱਜ ਕਤਲ ਦੀ ਵਾਰਦਾਤ ਸਬੰਧੀ ਜਦ ਡੀਐਸਪੀ ਦਲਵੀਰ ਸਿੰਘ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਬਿਊਟੀਫੁੱਲ ਸਿਟੀ ਚੰਡੀਗੜ੍ਹ ਦੇ ਲੋਕ ਇਹਨਾਂ ਵੱਧ ਰਹੀਆਂ ਵਾਰਦਾਤਾਂ ਤੋਂ ਸਹਿਮ ਦੇ ਮਾਹੌਲ ਵਿੱਚ ਹਨ।
ਫੋਟੋ ਕੈਪਸ਼ਨ-ਮ੍ਰਿਤਕ ਚਰਨਪ੍ਰੀਤ ਸਿੰਘ ਦੀ ਫਾਈਲ ਫੋਟੋ










