ਚੰਡੀਗੜ੍ਹ,22 ਮਾਰਚ, Gee98 news service-
-ਪੰਜਾਬ ਦੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਮਾਹੌਲ ਵਿੱਚ ਬਦਲਾਅ ਲਿਆਉਣ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਰਾਜਭਾਗ ਦੌਰਾਨ ਸੂਬੇ ਦੇ ਚੋਟੀ ਦੇ ਅਧਿਕਾਰੀਆਂ ਦੇ ਕੰਮਕਾਜ ਵਿੱਚ ਸਿਆਸੀ ਦਖ਼ਲਅੰਦਾਜ਼ੀ ਦੇ ਹੈਰਾਨੀਜਨਕ ਸਬੂਤ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਡੀਐਮ ਵੱਲੋਂ ਕੀਤੀ ਆਤਮ ਹੱਤਿਆ ਦੀਆਂ ਸੁਰਖੀਆਂ ਅਜੇ ਫਿੱਕੀਆਂ ਨਹੀਂ ਹੋਈਆਂ ਦੂਜੇ ਪਾਸੇ ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ‘ਚ ਤਾਇਨਾਤ SDM ਬਬਨਦੀਪ ਸਿੰਘ ਵਾਲੀਆ ਦੀ ਚਿੱਠੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਹੜੀ ਉਹਨਾਂ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਲਿਖੀ ਹੈ। ਬਬਨਦੀਪ ਸਿੰਘ ਵਾਲੀਆ ਪੀਸੀਐਸ ਦੀ ਇਹ ਚਿੱਠੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਾਇਰਲ ਕੀਤੀ ਹੈ। ਆਪਣੀ ਚਿੱਠੀ ਵਿੱਚ ਪੀਸੀਐਸ ਅਫ਼ਸਰ ਐਸਡੀਐਮ ਬਾਘਾਪੁਰਾਣਾ ਵਾਲੀਆਂ ਨੇ ਲਿਖਿਆ ਕਿ 17 ਮਾਰਚ ਨੂੰ ਬਾਘਾਪੁਰਾਣਾ ਵਿਖੇ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਰੱਖੀ ਗਈ ਸੀ ਜਿਹੜੀ ਮੌਕੇ ‘ਤੇ ਹਾਲਾਤ ਵਿਗੜਨ ਕਾਰਨ ਮੁਕੰਮਲ ਨਹੀਂ ਹੋ ਸਕੀ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਨੇ ਚੇਅਰਮੈਨ ਤੇ ਉਪ ਚੇਅਰਮੈਨ ਦਾ ਐਲਾਨ ਵੀ ਕਰ ਦਿੱਤਾ। ਪੀਸੀਐਸ ਵਾਲੀਆਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਉਸ ਨੂੰ ਮਜ਼ਬੂਰ ਕੀਤਾ ਜਾ ਰਿਹਾ ਕਿ ਇਸ ਚੋਣ ਪ੍ਰਕਿਰਿਆ ਨੂੰ ਗ਼ਲਤ ਤਰੀਕੇ ਨਾਲ ਨੇਪਰੇ ਚਾੜਿਆ ਜਾਵੇ ਜਿਸ ਕਰਕੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਉਸ ਉੱਪਰ ਵਿਜੀਲੈਂਸ ਰਾਹੀਂ ਝੂਠੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮੁੱਖ ਸਕੱਤਰ ਨੂੰ ਲਿਖੀ ਚਿੱਠੀ ਵਿੱਚ ਪੀਸੀਐਸ ਅਫ਼ਸਰ ਨੇ ਇਹ ਵੀ ਲਿਖਿਆ ਕਿ ਉਸ ਦੀ ਜਾਨ ਨੂੰ ਵੀ ਖ਼ਤਰਾ ਹੈ ਅਤੇ ਉਹ ਉਸੇ ਦਿਨ ਤੋਂ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੈ। ਅੰਮ੍ਰਿਤਸਰ ਵਿਖੇ ਵੇਅਰ ਹਾਊਸ ਦੇ ਡੀਐਮ ਨਾਲ ਵਾਪਰੀ ਘਟਨਾ ਤੋਂ ਬਾਅਦ ਹੁਣ ਪੀਸੀਐਸ ਅਫ਼ਸਰ ਦੀ ਇਹ ਚਿੱਠੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਦੇ ਅਫ਼ਸਰ ਕਿਹੜੇ ਹਾਲਾਤਾਂ ਵਿੱਚ ਸਿਆਸੀ ਦਖਲਅੰਦਾਜ਼ੀ ਹੇਠ ਕੰਮ ਕਰ ਰਹੇ ਹਨ। ਇਹ ਇੱਕ ਅਜਿਹਾ ਮੁੱਦਾ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਬੈਕਫੁੱਟ ‘ਤੇ ਲਿਜਾ ਸਕਦਾ ਹੈ।