ਬਰਨਾਲਾ, 22 ਸਤੰਬਰ (ਨਿਰਮਲ ਸਿੰਘ ਪੰਡੋਰੀ) :
ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ‘ਪਰਾਲੀ ਨੂੰ ਅੱਗ ਨਾ ਲਗਾਓ, ਵਾਤਾਵਰਣ ਤੇ ਪੰਜਾਬ ਬਚਾਓ‘ ਮੁਹਿੰਮ ਤਹਿਤ ਆਸ਼ਾ ਵਰਕਰਾਂ ਦਾ ਸਹਿਯੋਗ ਲੈਣ ਲਈ ਉਨਾਂ ਦੀ ਵਰਕਸ਼ਾਪ ਕਰਵਾਈ ਗਈ। ਇਸ ਤਹਿਤ ਧਨੌਲਾ ਦੇ ਸਰਕਾਰੀ ਹਸਪਤਾਲ ਵਿੱਚ ਬਲਾਕ ਪੱਧਰੀ ਟਰੇਨਿੰਗ ਕਰਵਾਈ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਬਰਨਾਲਾ ਜ਼ਿਲੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੇਸ ਜ਼ੀਰੋ ਕਰਨ ਲਈ ਯਤਨ ਜਾਰੀ ਹਨ। ਉਨਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਕਰੋਨਾ ਮਹਾਂਮਾਰੀ ਦੌਰਾਨ ਜੁਝਾਰੂ ਵਜੋਂ ਕੰਮ ਕੀਤਾ ਸੀ, ਇਸ ਸਮੇਂ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਉਹ ਪਰਾਲੀ ਪ੍ਰਬੰਧਨ ਵਿਚ ਸਹਿਯੋਗ ਦੇਣ। ਇਸ ਮੌਕੇ ਖੇਤੀਬਾੜੀ ਅਫਸਰ ਬਰਨਾਲਾ ਡਾ. ਸੁਖਪਾਲ ਸਿੰਘ ਨੇ ਪਰਾਲੀ ਦੀ ਸਮੱਸਿਆ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਬਲਾਕ ਐਕਸਟੈਂਸ਼ਨ ਐਜੂਕੇਟਰ ਬਲਰਾਜ ਸਿੰਘ ਨੇ ਆਸਾ ਵਰਕਰਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਫਸਲਾਂ ਦੀ ਰਹਿੰਦਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲਾ ਪ੍ਰਦੂਸਣ ਗਰਭਵਤੀ ਮਹਿਲਾਵਾਂ ਤੇ ਨਵ ਜਨਮੇ ਬੱਚਿਆਂ ਲਈ ਬਹੁਤ ਖਤਰਨਾਕ ਹੁੰਦਾ ਹੈ। ਇਸ ਮੌਕੇ ਬੱਚਿਆਂ ਤੋਂ ਇਲਾਵਾ ਬਜੁਰਗਾਂ, ਦਮੇ ਤੇ ਟੀਬੀ ਦੇ ਮਰੀਜ਼ਾਂ ਦੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਡਾ. ਅੰਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਇਕ ਇੱਕ ਹਜਾਰ ਕਿਲੋ ਪਰਾਲੀ ਸਾੜਦੇ ਹਾਂ ਤਾਂ 400 ਕਿਲੋ ਜੈਵਿਕ ਕਾਰਬਨ, 25 ਕਿਲੋ ਪੋਟਾਸ, 2 ਕਿਲੋ ਤੋਂ ਵੱਧ ਫਾਸਫੋਰਸ, ਇਕ ਕਿਲੋ ਸਲਫਰ ਅਤੇ 5 ਕਿਲੋ ਤੋਂ ਵੱਧ ਨਾਈਟਰੋਜਨ ਦਾ ਨੁਕਸਾਨ ਹੁੰਦਾ ਹੈ ਤੇ ਤਾਪਮਾਨ ਵਧਦਾ ਹੈ ਗੁਰਮੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਖੇਤੀ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ, ਰੋਟਾਵੇਟਰ ਤੇ ਜੀਰੋ ਡਰਿਲ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਸਾਂਭਿਆ ਜਾ ਸਕਦਾ ਹੈ। ਇਸ ਮੌਕੇ ਮੈਡਮ ਬੇਅੰਤ ਸਿੰਘ ਤਕਨੀਸ਼ੀਅਨ, ਸੁਨੀਤਾ ਆਤਮਾ ਕੋਆਰਡੀਨੇਟਰ, ਸੌਰਵ ਚੌਹਾਨ, ਦਿਲਦਾਰ ਸਿੰਘ, ਦਵਿੰਦਰ ਸਿੰਘ, ਸੋਨੀ ਖਾਂ ਤੇ ਬਲਾਕ ਬਰਨਾਲਾ ਦੀਆਂ ਆਸ਼ਾ ਵਰਕਰ ਤੇ ਆਸਾ ਫੈਸਿਲੀਟੇਟਰ ਮੌਜੂਦ ਸਨ।








