-ਸਿਹਤ ਕਰਮਚਾਰੀਆਂ ਵੱਲੋਂ ਗਰੁੱਪ ਮੀਟਿੰਗਾਂ, ਪੈਂਫਲੈਟ ਵੰਡ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਬਰਨਾਲਾ, 07 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਚੈੱਕ ਕੀਤਾ ਜਾਂਦਾ ਹੈ। ਇਹ ਦੱਸਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਵਿਭਾਗ ਦੇ ਕਰਮਚਾਰੀਆਂ ਵਲੋਂ ਜਾਗਰੂਕਤਾ ਪੈਦਾ ਕਰਨ ਲਈ ਪੈਂਫਲੈਟ ਵੀ ਵੰਡੇ ਜਾ ਰਹੇ ਹਨ। ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ ਇਸ ਸਾਲ ਹੁਣ ਤੱਕ 63250 ਘਰਾਂ ਦਾ ਸਰਵੇ ਕੀਤਾ ਗਿਆ 230 ਥਾਵਾਂ ’ਤੇ ਲਾਰਵਾ ਮਿਲਿਆ ਜਿਸ ਨੂੰ ਲਾਰਵੀਸਾਈਡ ਨਾਲ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਹੁਣ ਤੱਕ 17 ਕੇਸ ਡੇਂਗੂ ਦੇ ਰਿਪੋਰਟ ਹੋਏ ਹਨ ਜੋ ਠੀਕ ਹੋ ਚੁੱਕੇ ਹਨ। ਬਰਨਾਲਾ ਸ਼ਹਿਰ ’ਚ ਸਿਹਤ ਵਿਭਾਗ ਦੀ ਟੀਮ ’ਚ ਬੂਟਾ ਸਿੰਘ,ਬਲਜਿੰਦਰ ਸਿੰਘ,ਜਗਜੀਤ ਸਿੰਘ ਅਤੇ ਸੁਰਿੰਦਰ ਵਿਰਕ ਵੱਲੋਂ ਵੱਖ-ਵੱਖ ਥਾਵਾਂ ’ਤੇ ਲਾਰਵਾ ਚੈੱਕ ਕੀਤਾ ਗਿਆ ਅਤੇ ਪੈਂਫਲੈਟ ਵੰਡ ਕੇ ਜਾਗਰੂਕ ਕੀਤਾ ਗਿਆ। ਗੁਰਮੇਲ ਸਿੰਘ ਅਤੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਗਲੀਆਂ ਨਾਲੀਆਂ ’ਚ ਪਾਣੀ ਖੜਾ ਹੋਣ ਕਾਰਨ ਅਤੇ ਘਰਾਂ, ਦੁਕਾਨਾਂ, ਹੋਰ ਥਾਵਾਂ ਤੇ ਗਮਲੇ, ਕੂਲਰ, ਟਾਇਰ, ਘੜੇ, ਫਰਿੱਜ ਦੀ ਬੈਂਕ ਟਰੇਅ ਆਦਿ ਵਿੱਚ ਜ਼ਿਆਦਾ ਦਿਨ ਪਾਣੀ ਖੜ ਜਾਣ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ, ਮਲੇਰੀਆ ਫੈਲਦਾ ਹੈ। ਮਲੇਰੀਆ ਡੇਂਗੂ ਤੋਂ ਬਚਾਅ ਲਈ ਖੜੇ ਪਾਣੀ ਦੇ ਸੋਮੇ ਨਸ਼ਟ ਕਰਕੇ ਜਾਂ ਕਾਲਾ ਤੇਲ ਪਾ ਕੇ ਹਫਤੇ ’ਚ ਇੱਕ ਦਿਨ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰੰ ਖੁਸ਼ਕ ਦਿਨ (ਡਰਾਈ ਡੇ- ਫਰਾਈ ਡੇ) ਵਜੋਂ ਮਨਾ ਕੇ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕਾਂਬੇ ਨਾਲ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਮਾਸ ਪੇਸ਼ੀਆਂ ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।









