ਬਰਨਾਲਾ 17 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਸਮੁੱਚੇ ਪੰਜਾਬ ਦੇ ਸਰਕਾਰੀ ਦਫ਼ਰਤਾਂ ਦੇ ਕਾਮੇ 10 ਅਕਤੂਬਰ ਤੋਂ ਕਲਮਾਂ ਸੁੱਟ ਕੇ ਅਤੇ ਕੰਪਿਊਟਰ ਬੰਦ ਕਰਕੇ ਬੈਠੇ ਹਨ। ਸਰਕਾਰੀ ਦਫ਼ਤਰਾਂ ’ਚ ਕਿਸੇ ਵੀ ਤਰਾਂ ਦਾ ਕੋਈ ਕੰਮਕਾਰ ਨਹੀਂ ਹੋ ਰਿਹਾ । ਲੋਕ ਦਫ਼ਤਰਾਂ ’ਚ ਖੱਜਲ-ਖ਼ੁਆਰ ਹੋ ਕੇ ਵਾਪਸ ਮੁੜ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ 10 ਅਕਤੂਬਰ ਤੋਂ 19 ਅਕਤੂਬਰ ਤੱਕ ਹੜਤਾਲ ’ਤੇ ਬੈਠੀ ਹੈ। ਯੂਨੀਅਨ ਦੇ ਆਗੂਆਂ ਨੇ ਹੜਤਾਲ ਸੰਬੰਧੀ ਕਿਹਾ ਕਿ ਸਰਕਾਰੀ ਕਾਮਿਆਂ ਦੀਆਂ ਕੁਝ ਮੰਗਾਂ ਪਿਛਲੇ ਕਾਫ਼ੀ ਸਮੇਂ ਤੋਂ ਲਟਕ ਰਹੀਆਂ ਹਨ ਜਿਨਾਂ ਸੰਬੰਧੀ ਨਾ ਤਾਂ ਸਰਕਾਰ ਮੀਟਿੰਗ ਦਾ ਸਮਾਂ ਦੇ ਰਹੀ ਹੈ ਅਤੇ ਨਾ ਹੀ ਮੰਗਾਂ ’ਤੇ ਵਿਚਾਰ ਕਰ ਰਹੀ ਹੈ। ਉਨਾਂ ਕਿਹਾ ਕਿ ਹੜਤਾਲ ਕਾਰਨ ਭਾਵੇਂ ਕਿ ਲੋਕ ਪ੍ਰੇਸ਼ਾਨ ਹੁੰਦੇ ਹਨ ਪ੍ਰੰਤੂ ਕਿਸੇ ਸਰਕਾਰੀ ਕਾਮੇ ਨੂੰ ਕੰਮ ਦੇ ਬਦਲੇ ਜੇਕਰ 3-4 ਮਹੀਨਿਆਂ ਤੱਕ ਤਨਖ਼ਾਹ ਵੀ ਨਾ ਦਿੱਤੀ ਜਾਵੇ ਤਾਂ ਇਸ ਤੋਂ ਵੱਡੀ ਪ੍ਰੇਸ਼ਾਨੀ ਵੀ ਕੋਈ ਹੋਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਸਰਕਾਰਾਂ ਮਿਲ ਬੈਠ ਕੇ ਮਸਲੇ ਹੱਲ ਕਰਦੀਆਂ ਆਈਆਂ ਹਨ ਪ੍ਰੰਤੂ ਪੰਜਾਬ ਦੀ ਮੌਜੂਦਾ ਸਰਕਾਰ ਮੁਲਾਜ਼ਮਾਂ ਨਾਲ ਕਿਸੇ ਯੋਗ ਪਲੇਟਫਾਰਮ ’ਤੇ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ ਜਿਸ ਕਰਕੇ ਰੋਸ ਵਜੋਂ ਕਲਮ ਛੋਡ ਹੜਤਾਲ ਦਾ ਫੈਸਲਾ ਲਿਆ ਹੈ। ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਜੇ ਵੀ ਮੁਲਾਜ਼ਮਾਂ ਦੀ ਗੱਲ ਨਹੀਂ ਸੁਣੇਗੀ ਤਾਂ ਇਹ ਹੜਤਾਲ ਦੀਵਾਲੀ ਤੱਕ ਵੀ ਵਧਾਈ ਜਾ ਸਕਦੀ ਹੈ। ਦੂਜੇ ਪਾਸੇ ਸਰਕਾਰੀ ਦਫ਼ਤਰਾਂ ’ਚ ਕੰਮਾਂ-ਕਾਰਾਂ ਲਈ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਹੜਤਾਲ ’ਤੇ ਬੈਠੇ ਮੁਲਾਜ਼ਮਾਂ ਦੀ ਗੱਲ ਸੁਣੇ ਅਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਖ਼ਾਤਮਾ ਕਰੇ।