Gee 98News

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਅਰਜੀਆਂ ਦੀ ਅੰਤਿਮ ਤਾਰੀਖ ਵਿੱਚ ਵਾਧਾ

ਬਰਨਾਲਾ, 6 ਦਸੰਬਰ (ਸੋਨੀ ਧਨੌਲਾ) :

ਪੰਜਾਬ ਸਰਕਾਰ ਦੁਆਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਦੀ ਤਾਰੀਖ ਵਿੱਚ ਹੁਣ ਸਰਕਾਰ ਵੱਲੋਂ 31 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਮੈਡਲ, ਸਰਟੀਫਿਕੇਟ ਤੇ 51 ਹਜ਼ਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਯੁਵਕ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਪੁਰਸਕਾਰ ਲਈ ਨੌਜਵਾਨ ਪਿਛਲੇ ਸਾਲਾਂ ਤੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਸੱਭਿਆਚਾਰਕ ਗਤੀਵਿਧੀਆਂ, ਪਰਬਤ ਰੋਹਣ, ਹਾਈਕਿੰਗ ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ ਹੋਵੇ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਇਹ ਪੁਰਸਕਾਰ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਹੈ ਤੇ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ ਜਾਂ ਸਮਾਜ ਸੇਵਾ ਵਿੱਚ ਸ਼ਾਮਿਲ ਹੁੰਦਾ ਰਿਹਾ ਹੋਵੇ ਅਤੇ ਪੁਰਸਕਾਰ ਪ੍ਰਾਪਤ ਹੋਣ ਉਪਰੰਤ ਵੀ 2 ਸਾਲ ਬਾਅਦ ਇਨਾਂ ਗਤੀਵਿਧੀਆਂ ਨੂੰ ਚਾਲੂ ਰੱਖਣ ਦਾ ਇੱਛੁਕ ਹੋਵੇ ਤੇ ਇਹ ਗਤੀਵਿਧੀਆਂ ਸਮਾਜ ਸੇਵਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੁਰਸਕਾਰ ਲਈ ਚੋਣ ਉਸ ਦੀ ਸਮਾਜ ਸੁਧਾਰ ਵਿੱਚ ਅਸਲ ਇੱਛਾ ਅਤੇ ਪ੍ਰਤੀਨਿਧਤਾ ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਲਈ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਪ੍ਰਾਪਤੀ ਸਬੰਧੀ ਆਪਣੀ ਪ੍ਰਤੀਬੇਨਤੀ (ਦਸਤਾਵੇਜ਼) ਦੀ ਫਾਈਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ ਵਿਖੇ 31 ਦਸੰਬਰ ਤੱਕ ਭੇਜ ਸਕਦੇ ਹਨ।

Gee98 Ads
error: Content is protected !!