ਬਰਨਾਲਾ 19 ਜਨਵਰੀ (ਨਿਰਮਲ ਸਿੰਘ ਪੰਡੋਰੀ)-
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਹਲਕਾ ਬਰਨਾਲਾ ਅਤੇ ਹੰਡਿਆਇਆ ਦੇ ਜਿੰਮੇਵਾਰ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਲੋਕ ਭਲਾਈ ਦੇ ਕੰਮਾਂ ਸਬੰਧੀ ਅਹਿਮ ਵਿਚਾਰਾਂ ਕੀਤੀਆਂ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਸੰਧੂ ਨੇ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਅਧਿਕਾਰਾਂ ਅਤੇ ਉਸਦੇ ਅਧੀਨ ਆਉਣ ਵਾਲੀਆਂ ਸਕੀਮਾਂ ਬਾਰੇ ਅਹੁਦੇਦਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਲਕੇ ਦੇ ਐਮ.ਪੀ. ਅਧੀਨ ਆਉਣ ਵਾਲੀ ਕਿਸੇ ਵੀ ਲੋਕ ਭਲਾਈ ਸਕੀਮ ਦੇ ਲਾਭ ਤੋਂ ਹਲਕੇ ਦਾ ਕੋਈ ਵੀ ਲੋੜਵੰਦ ਵਿਅਕਤੀ ਵਾਂਝਾ ਨਹੀਂ ਰਹਿਣਾ ਚਾਹੀਦਾ | ਇਸਦੇ ਲਈ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਤੱਕ ਪਹੁੰਚ ਕਰਕੇ ਲੋੜਵੰਦ ਵਿਅਕਤੀਆਂ ਨੂੰ ਇਨ੍ਹਾਂ ਸਕੀਮਾਂ ਬਾਰੇ ਜਾਣਕਾਰੀ ਦੇ ਕੇ ਲਾਭ ਦਿਵਾਇਆ ਜਾਵੇ | ਇਸ ਤੋਂ ਇਲਾਵਾ ਜੇਕਰ ਕੋਈ ਵੀ ਵਿਕਾਸ ਦਾ ਕੰਮ ਅੱਧ ਵਿਚਕਾਰ ਰੁਕਿਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹੋਣ, ਉਸ ਬਾਰੇ ਵੀ ਪਤਾ ਕਰਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇ, ਤਾਂ ਜੋ ਸਬੰਧਤ ਮਹਿਕਮੇ ਨਾਲ ਗੱਲਬਾਤ ਕਰਕੇ ਉਪਰੋਕਤ ਮਸਲੇ ਹੱਲ ਕੀਤੇ ਜਾ ਸਕਣ | ਇਸ ਸੰਬੰਧੀ ਉਨ੍ਹਾਂ ਨੇ ਵੱਖੋਂ- ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਡਿਊਟੀ ਵੀ ਲਗਾਈ ਅਤੇ ਲੋਕਾਂ ਦੇ ਹੋਣ ਵਾਲੇ ਕੰਮਾਂ ਦੀ ਇੱਕ ਹਫਤੇ ਵਿੱਚ ਰਿਪੋਰਟ ਤਿਆਰ ਕਰਕੇ ਜਾਣਕਾਰੀ ਦੇਣ ਦੀ ਹਿਦਾਇਤ ਵੀ ਕੀਤੀ | ਸ. ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਹਮੇਸ਼ਾ ਲੋਕ ਹਿੱਤਾਂ ਨੂੰ ਸਮਰਪਿਤ ਰਿਹਾ ਹੈ | ਲੋਕਾਂ ਦਾ ਹਰ ਮਸਲਾ ਸ਼੍ਰੋਮਣੀ ਅਕਾਲੀ ਦਲ (ਅ) ਦਾ ਮਸਲਾ ਹੈ | ਇਸ ਕਰਕੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅ) ਵਿੱਚ ਭਰੋਸਾ ਦਿਖਾਉਣ ਵਾਲੇ ਲੋਕ ਸਭਾ ਹਲਕਾ ਸੰਗਰੂਰ ਦੇ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ |ਮੀਟਿੰਗਾਂ ਵਿੱਚ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਖੁੱਡੀ, ਸਰਪੰਚ ਹਰਵਿੰਦਰ ਸਿੰਘ ਹਰੀਗੜ੍ਹ ਸੂਬਾ ਯੂਥ ਸਕੱਤਰ, ਮਨਜੀਤ ਸਿੰਘ ਪੀਤਾ ਮੂਮ ਯੂਥ ਪ੍ਰਧਾਨ, ਬੱਬੂ ਸਿੰਘ ਖੁੱਡੀ ਸੋਸ਼ਲ ਮੀਡੀਆ ਇੰਚਾਰਜ, ਇੰਦਰਜੀਤ ਸਿੰਘ ਮਾਂਗੇਵਾਲ, ਗੁਰਮੀਤ ਸਿੰਘ ਮਾਂਗੇਵਾਲ ਸਿਟੀ-2 ਦੇ ਪ੍ਰਧਾਨ, ਭੋਲਾ ਸਿੰਘ ਬਰਨਾਲਾ ਦਿਹਾਤੀ, ਬੀਬੀ ਸੁਖਜੀਤ ਕੌਰ ਖਾਲਸਾ ਪ੍ਰਧਾਨ ਇਸਤਰੀ ਵਿੰਗ, ਮਾਸਟਰ ਧਰਮ ਸਿੰਘ ਹੰਡਿਆਇਆ, ਮਾਸਟਰ ਸੁਖਜਿੰਦਰ ਸਿੰਘ ਹੰਡਿਆਇਆ, ਬਲਵਿੰਦਰ ਸਿੰਘ ਹੰਡਿਆਇਆ, ਮੋਹਣ ਸਿੰਘ ਹੰਡਿਆਇਆ, ਸੁਖਚੈਨ ਸਿੰਘ ਤੇ ਦਾਰਾ ਸਿੰਘ ਸੰਘੇੜਾ, ਸਰਕਲ ਪ੍ਰਧਾਨ ਹਰਜੀਤ ਸਿੰਘ, ਮਨਜੀਤ ਸਿੰਘ ਸੰਘੇੜਾ, ਪਰਮਜੀਤ ਸਿੰਘ ਅਮਲਾ ਸਿੰਘ ਵਾਲਾ, ਲੱਖਵੀਰ ਸਿੰਘ ਖੁੱਡੀ, ਪਿਆਰਾ ਸਿੰਘ ਕੱਟੂ, ਭੋਲਾ ਸਿੰਘ ਭੂਰਾ, ਹਰਿੰਦਰ ਸਿੰਘ ਧਨੋਲਾ, ਜਸਪ੍ਰੀਤ ਸਿੰਘ ਜੱਸੀ ਧਨੌਲਾ, ਸੰਦੀਪ ਸਿੰਘ ਫਰਵਾਹੀ, ਜਸਪ੍ਰੀਤ ਸਿੰਘ ਫਰਵਾਹੀ, ਨਵਜੋਤ ਸਿੰਘ ਕੁਤਬਾ ਯੂਥ ਪ੍ਰਧਾਨ ਸਮੇਤ ਹੋਰ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜਰ ਸਨ |









