Skip to main content

Gee 98News

ਤੇਰਾ ਕੀ ਬਣੂੰ ਪੰਜਾਬ ਸਿਆਂ…ਮਾਲਵਾ ਤਾਂ ਸਾਰਾ ਹੀ ਨਸ਼ੇ ਦੀ ਮਾਰ ਹੇਠ ਹੈ

-NCRB ਨੇ ਖੋਲ੍ਹੀ ਸਰਕਾਰਾਂ ਦੇ ਦਾਅਵਿਆਂ ਦੀ ਪੋਲ
ਬਰਨਾਲਾ,8 ਅਗਸਤ ( ਨਿਰਮਲ ਸਿੰਘ ਪੰਡੋਰੀ )-ਪੰਜਾਬ ਦੀਆਂ ਸਮੇਂ ਸਮੇਂ ‘ਤੇ ਬਣੀਆਂ ਸਰਕਾਰਾਂ ਭਾਵੇਂ ਸੂਬੇ ‘ਚੋਂ ਨਸ਼ੇ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਰਹੀਆਂ ਹੋਣ ਪਰ ਜ਼ਮੀਨੀ ਪੱਧਰ ‘ਤੇ ਨਸ਼ਾ ਪੰਜਾਬ ਲਈ ਇੱਕ ਕਲੰਕ ਬਣ ਚੁੱਕਿਆ ਹੈ ਅਤੇ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧੱਸਦੀ ਜਾ ਰਹੀ ਹੈ। NCRB ਵੱਲੋਂ ਜਾਰੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਔਸਤਨ ਹਰ ਦੂਜੇ ਦਿਨ ਨਸ਼ੇ ਕਾਰਨ ਇੱਕ ਮੌਤ ਹੋ ਰਹੀ ਹੈ। ਜਦਕਿ 9 ਲੱਖ ਲੋਕ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਰਜਿਸਟਰਡ ਹਨ ਅਤੇ ਰੁਟੀਨ ਵਿੱਚ ਨਸ਼ਾ ਕਰਨ ਵਾਲੇ ਨਸ਼ੇੜੀਆਂ ਦੀ ਗਿਣਤੀ 25 ਲੱਖ ਤੋਂ ਵੀ ਵਧੇਰੇ ਹੈ। NCRB ਦੀ ਰਿਪੋਰਟ ਅਨੁਸਾਰ, ਪੰਜਾਬ ਵਿੱਚ 2017 ਤੋਂ 2021 ਤੱਕ 4 ਸਾਲਾਂ ਵਿੱਚ ਨਸ਼ੇ ਕਾਰਨ 272 ਮੌਤਾਂ ਦਰਜ ਕੀਤੀਆਂ ਗਈਆਂ ਹਨ, ਹਾਲਾਂਕਿ ਇਹ ਉਹ ਮੌਤਾਂ ਹਨ ਜੋ ਹਸਪਤਾਲਾਂ ਵਿੱਚ ਜਾਂ ਜਨਤਕ ਥਾਵਾਂ ‘ਤੇ ਹੋਈਆਂ ਹਨ। ਰਿਪੋਰਟ ਦਾ ਇੱਕ ਧਿਆਨਦੇਣ ਯੋਗ ਪਹਿਲੂ ਇਹ ਵੀ ਹੈ ਕਿ ਸੂਬੇ ਦਾ ਮਾਲਵਾ ਖੇਤਰ ਨਸ਼ਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਪਿਛਲੇ 19 ਮਹੀਨਿਆਂ ਵਿੱਚ ਨਸ਼ੇ ਕਾਰਨ ਹੋਈਆਂ 272 ਚੋਂ 222 ਨੌਜਵਾਨਾਂ ਦੀਆਂ ਮੌਤਾਂ ਸਿਰਫ਼ ਮਾਲਵਾ ਖ਼ੇਤਰ ਵਿੱਚ ਹੀ ਹੋਈਆਂ ਹਨ। ਇਕੱਲੇ ਫਿਰੋਜ਼ਪੁਰ ‘ਚ ਹੀ 56 ਲੋਕਾਂ ਦੀ ਨਸ਼ੇ ਕਾਰਨ ਜਾਨ ਚਲੀ ਗਈ।
ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਵਿੱਚ 122 ਨੌਜਵਾਨਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਾਲੇ ਰਹੀ, 59 ਲੋਕਾਂ ਦੀ ਉਮਰ 30-45 ਸਾਲ ਦੇ ਵਿਚਾਲੇ, 8 ਲੋਕਾਂ ਦੀ ਉਮਰ 45 ਅਤੇ 60 ਦੇ ਵਿਚਕਾਰ, 60 ਤੋਂ ਉੱਪਰ ਦੇ 2 ਲੋਕਾਂ ਦੀ ਮੌਤ ਰਿਪੋਰਟ ਕੀਤੀ ਗਈ। ਇਨ੍ਹਾਂ ਸਭ ਤੋਂ ਇਲਾਵਾ ਮਰਨ ਵਾਲਿਆਂ ਵਿੱਚ 3 ਨੌਜਵਾਨ 14 ਤੋਂ 18 ਸਾਲ ਦੀ ਉਮਰ ਦੇ ਸਨ। ਤਰਾਸਦੀ ਇਹ ਵੀ ਹੈ ਕਿ ਪੰਜਾਬ ਦੀ ਕੋਈ ਸਿਆਸੀ ਪਾਰਟੀ ਜਦ ਵਿਰੋਧੀ ਧਿਰ ਵਿੱਚ ਹੁੰਦੀ ਹੈ ਤਾਂ ਉਹ ਦਾਅਵੇ ਕਰਦੀ ਹੈ ਕਿ ਨਸ਼ੇ ਨੂੰ ਚੁਟਕੀਆਂ ਵਿੱਚ ਖਤਮ ਕਰ ਦੇਵੇਗੀ ਪਰੰਤੂ ਸੱਤਾ ‘ਤੇ ਕਾਬਜ਼ ਹੁੰਦੇ ਹੀ ਸਾਰੇ ਦਾਅਵੇ ਭੁੱਲ ਜਾਂਦੇ ਹਨ । ਸੂਬੇ ਦੀ ਮੌਜੂਦਾ ਸਰਕਾਰ ਵੀ ਦਾਅਵਾ ਕਰ ਰਹੀ ਹੈ ਕਿ ਉਸਨੇ ਨਸ਼ੇ ‘ਤੇ ਕਾਫੀ ਹੱਦ ਤੱਕ ਨਕੇਲ ਕੱਸ ਲਈ ਹੈ ਪਰ NCRB ਦੀ ਇਹ ਰਿਪੋਰਟ ਅਤੇ ਜ਼ਮੀਨੀ ਪੱਧਰ ‘ਤੇ ਵੀ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਬੁੱਝ ਰਹੇ ਕਈ ਘਰਾਂ ਦੇ ਚਿਰਾਗ ਸਰਕਾਰ ਦੇ ਇਸ ਦਾਅਵੇ ‘ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ ।

error: Content is protected !!