Gee 98News

ਰੇਲਵੇ ਸਟੇਸ਼ਨਾਂ ਦੀ ਸੂਚੀ ‘ਚੋਂ ਬਰਨਾਲਾ ਨੂੰ ਬਾਹਰ ਰੱਖਣ ‘ਤੇ ਮੀਤ ਹੇਅਰ ਨੇ ਭਾਜਪਾ ਨੂੰ ਘੇਰਿਆ

ਬਰਨਾਲਾ,8 ਅਗਸਤ ( ਨਿਰਮਲ ਸਿੰਘ ਪੰਡੋਰੀ)-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ਵਿੱਚ ਬਰਨਾਲਾ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਨ ‘ਤੇ ਕਰੜੇ ਹੱਥੀ ਲੈਂਦਿਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦਾ ਕੌਮੀ ਨਾਅਰਾ “ਸਭ ਕਾ ਸਾਥ, ਸਭ ਕਾ ਵਿਕਾਸ” ਬਰਨਾਲਾ ਵਿੱਚ ਆ ਕੇ ਦਮ ਤੋੜ ਗਿਆ। ਮੀਤ ਨੇ ਇਸ ਮਾਮਲੇ ‘ਚ ਬਰਨਾਲਾ ਦੇ ਸਥਾਨਕ ਭਾਜਪਾ ਆਗੂਆਂ ਨੂੰ ਘੇਰਦੇ ਹੋਏ ਪੁੱਛਿਆ ਹੈ ਕਿ ਬਰਨਾਲਾ ਜ਼ਿਲ੍ਹੇ ਨਾਲ ਇਹ ਵਿਤਕਰਾ ਕਿਉਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਚੋਣ ਸਟੰਟ ਹੈ ਪਰ ਫੇਰ ਵੀ ਦੇਸ਼ ਭਰ ਦੇ ਸੈਂਕੜੇ ਰੇਲਵੇ ਸਟੇਸ਼ਨਾਂ ਦੀ ਸੂਚੀ ਵਿੱਚ ਬਰਨਾਲਾ ਸ਼ਹਿਰ ਨੂੰ ਬਾਹਰ ਰੱਖਿਆ ਗਿਆ, ਇੱਥੋਂ ਤੱਕ ਕਿ ਬਰਨਾਲਾ ਜ਼ਿਲ੍ਹੇ ਦਾ ਵੀ ਕੋਈ ਸਟੇਸ਼ਨ ਨਹੀ ਸ਼ਾਮਲ ਕੀਤਾ ਗਿਆ। ਸ੍ਰੀ ਮੀਤ ਹੇਅਰ ਜੋ ਬਰਨਾਲਾ ਤੋਂ ਵਿਧਾਇਕ ਵੀ ਹਨ, ਨੇ ਕਿਹਾ ਕਿ ਬਰਨਾਲਾ ਵਾਸੀ ਕੇਂਦਰ ਸਰਕਾਰ ਨੂੰ ਪੁੱਛ ਰਹੇ ਹਨ ਕਿ “ਅੱਛੇ ਦਿਨ ਕਦੋਂ ਆਉਣਗੇ?” ਉਨ੍ਹਾਂ ਕਿ ਲੋਕ ਸਭਾ ਦੀਆਂ ਚੋਣਾਂ ਬਰੂਹਾਂ ਉਤੇ ਹਨ ਅਤੇ ਭਾਜਪਾ ਵੱਲੋਂ ਚੋਣਾਵੀਂ ਵਰ੍ਹੇ ਵਿੱਚ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲਾ ਵਾਸੀ ਆਪਣੇ ਨਾਲ ਹੋਏ ਮਤਰੇਈ ਮਾਂ ਵਾਲੇ ਸਲੂਕ ਨੂੰ ਸਹਿਣ ਨਹੀ ਕਰਨਗੇ ਅਤੇ 2024 ਦੀਆਂ ਲੋਕ ਸਭਾ ਚੋਣਾਂ ‘ਚ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ ।

error: Content is protected !!