Gee 98News

  • ਫੜ੍ਹੇ ਗਏ ਦੋ ਸਾਬਕਾ ਰਜਿਸਟਰਾਰਾਂ ਤੇ ਸੁਪਰਡੈਂਟ ਤੋਂ ਹੋਏ ਅਹਿਮ ਖੁਲਾਸੇ
    ਚੰਡੀਗੜ੍ਹ,11 ਦਸੰਬਰ-ਡੀ-ਫਾਰਮੇਸੀ ਦੀਆਂ ਜਾਅਲੀ ਡਿਗਰੀਆਂ ਵੰਡਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਸਾਬਕਾ ਰਜਿਸਟਰਾਰ ਅਤੇ ਇੱਕ ਸੁਪਰਡੈਂਟ ਤੋਂ ਵਿਜੀਲੈਂਸ ਵੀ ਪੁੱਛਗਿੱਛ ਦੌਰਾਨ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਰਹੇ ਹਨ। ਪੜ੍ਹਤਾਲ ਦੌਰਾਨ ਸਾਹਮਣੇ ਆ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਕਾਰਜਕਾਲ ਦੌਰਾਨ ਰਿਉਂੜੀਆਂ ਵਾਂਗ ਡਿਗਰੀਆਂ ਵੰਡੀਆਂ ਗਈਆਂ ਅਤੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਵਿੱਚ ਵੱਡੇ ਘਪਲੇ ਕੀਤੇ ਗਏ। ਡੀ-ਫਾਰਮੇਸੀ ਦੀ ਫ਼ਰਜ਼ੀ ਡਿਗਰੀ ਘੁਟਾਲੇ ‘ਚ ਵਿਜੀਲੈਂਸ ਦੀ ਟੀਮ ਹੁਣ ਅਜਿਹੇ ਵਿਦਿਆਰਥੀਆਂ ਦੀ ਸੂਚੀ ਬਣਾਉਣ ‘ਚ ਜੁਟ ਗਈ ਹੈ, ਜਿਨ੍ਹਾਂ ਨੇ ਫ਼ਰਜ਼ੀ ਡਿਗਰੀ ਹਾਸਲ ਕੀਤੀ ਹੈ। ਹੁਣ ਤਕ 500 ਵਿਦਿਆਰਥੀ ਅਜਿਹੇ ਮਿਲ ਚੁੱਕੇ ਹਨ, ਜਿਨ੍ਹਾਂ ਦੀ ਡਿਗਰੀ ‘ਤੇ ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਦੇ ਨਾਂ ਹਨ। ਵਿਜੀਲੈਂਸ ਹੁਣ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬੁਲਾ ਕੇ ਪੁੱਛਗਿੱਛ ਕਰੇਗੀ। ਵਿਜੀਲੈਂਸ ਵੱਲੋਂ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ, ਪਟਿਆਲਾ ਤੇ ਅੰਮ੍ਰਿਤਸਰ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਜਾਵੇਗਾ, ਜੋ ਇਸ ਪੂਰੇ ਕਾਂਡ ’ਚ ਸ਼ਾਮਲ ਰਹੇ ਹਨ।ਵਿਜੀਲੈਂਸ ਵੱਲੋਂ ਦਰਜ ਕੇਸ ’ਚ ਨਾਮਜ਼ਦ ਸਾਬਕਾ ਰਜਿਸਟ੍ਰਾਰ ਪ੍ਰਵੀਨ ਕੁਮਾਰ ਭਾਰਦਵਾਜ, ਡਾ. ਤੇਜਬੀਰ ਸਿੰਘ ਤੇ ਅਸ਼ੋਕ ਕੁਮਾਰ ਦੇ ਖ਼ਿਲਾਫ਼ 8 ਦਸੰਬਰ ਨੂੰ ਅਪਰਾਧਿਕ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਤੇ ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਸੀ। ਹੁਣ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹੁਣ ਤੱਕ ਕਬਜ਼ੇ ’ਚ ਲਏ ਗਏ ਰਿਕਾਰਡ ਸਬੰਧੀ ਜਾਂਚ ਕੀਤੀ ਜਾਵੇਗੀ।ਵਿਜੀਲੈਂਸ ਅਧਿਕਾਰੀ ਮੁਤਾਬਕ ਪ੍ਰਵੀਨ ਕੁਮਾਰ ਭਾਰਦਵਾਜ ਦੇ ਸਾਲ 2001 ਤੋਂ 2009 ਤੇ ਸਾਲ 2013 ਤੋਂ 2015 ਤਕ ਅਤੇ ਡਾ. ਤੇਜਬੀਰ ਸਿੰਘ ਦੇ ਸਾਲ 2013 ’ਚ ਪੀਐੱਸਪੀਸੀ ਰਜਿਸਟ੍ਰਾਰ ਰਹਿੰਦੇ ਹੋਏ ਡੀ-ਫਾਰਮੇਸੀ ਡਿਗਰੀ ਤੋਂ ਲੈ ਕੇ ਵੱਡੇ ਪੱਧਰ ’ਤੇ ਗਬਨ ਹੋਏ ਹਨ। ਵਿਜੀਲੈਂਸ ਮੁਤਾਬਕ ਅਕਾਊਂਟੈਂਟ ਅਸ਼ੋਕ ਕੁਮਾਰ ਵੀ ਇਸ ਘੁਟਾਲੇ ’ਚ ਸ਼ਾਮਲ ਸੀ। ਡੀ ਫਾਰਮੇਸੀ ਦੀਆਂ ਜਾਅਲੀ ਡਿਗਰੀਆਂ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਕਈ ਕਾਲਜਾਂ ਦੀ ਵੀ ਨੀਂਦ ਉਡੀ ਹੋਈ ਹੈ। ਵਿਜੀਲੈਂਸ ਵੱਲੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ ।

Leave a Reply

Your email address will not be published. Required fields are marked *

error: Content is protected !!