Skip to main content

Gee 98News

….ਪਹਿਲਾਂ ਉਹਨੇ ਲੋਕਾਂ ਨਾਲ 3.5 ਕਰੋੜ ਦੀ ਠੱਗੀ ਮਾਰੀ, ਫਿਰ ਜੇਲ੍ਹ ਗਿਆ…ਜ਼ਮਾਨਤ ‘ਤੇ ਬਾਹਰ ਆ ਕੇ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ..ਤੇ ਕਈ ਘਰ ਪੱਟ ਦਿੱਤੇ

ਚੰਡੀਗੜ੍ਹ,24 ਮਾਰਚ, Gee98 news service
-ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਗਿਰੋਹ ਦੇ ਮਾਸਟਰਮਾਈਂਡ ਪਹਿਲਾਂ ਤੋਂ ਹੀ ਕਰੋੜਾਂ ਰੁਪਏ ਦਾ ਡਿਫਾਲਟਰ ਹੈ ਤੇ ਉਸਦੀ ਕਹਾਣੀ ਜੁਰਮ ਦੀ ਭਾਸ਼ਾ ਨਾਲ ਲਬਰੇਜ਼ ਹੈ। ਪਟਿਆਲਾ ਦੇ ਪਿੰਡ ਤੇਈਪੁਰ ਵਿਚ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਚਲਾਉਣ ਵਾਲਾ 29 ਸਾਲਾ ਮੁਲਜ਼ਮ ਹਰਮਨਪ੍ਰੀਤ ਸਿੰਘ ਪਹਿਲਾਂ ਹੀ ਡਿਫਾਲਟਰ ਹੈ ਜਿਸਨੇ ਤੇਈਪੁਰ ਅਤੇ ਮਟੌਲੀ ਦੇ 300 ਲੋਕਾਂ ਨਾਲ ਕਰੀਬ 3.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੇ ਇਹ ਧੋਖਾਧੜੀ 2019 ਤੋਂ 2022 ਦੇ ਸਮੇਂ ਦੌਰਾਨ ਕੀਤੀ ਸੀ ਜਦੋਂ ਉਹ ਪਿੰਡ ਦੀ ਸਹਿਕਾਰੀ ਸਭਾ ਦਾ ਸਕੱਤਰ ਸੀ। ਸੁਸਾਇਟੀ ਦੀ ਆਮਦਨ ਵਧਾਉਣ ਅਤੇ ਲੋਕਾਂ ਨੂੰ ਵੱਡੇ ਲਾਭ ਦੇਣ ਦਾ ਲਾਲਚ ਦੇ ਕੇ ਉਸ ਨੇ ਪਿੰਡ ਵਾਸੀਆਂ ਦੀ ਮਿਹਨਤ ਦੀ ਕਮਾਈ ਨੂੰ ਸਹਿਕਾਰੀ ਸਭਾ ਵਿਚ ਜਮਾਂ ਕਰਵਾਉਣ ਦੇ ਨਾਂ ‘ਤੇ ਹੜੱਪ ਲਿਆ ਗਿਆ। ਪਿੰਡ ਤੇਈਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਕਮੇਟੀ ਦੇ ਸਕੱਤਰ ਸਨ ਤਾਂ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਉਨ੍ਹਾਂ ਦੇ ਘਰ ਆਉਂਦੇ-ਜਾਂਦੇ ਸਨ। ਉਦੋਂ ਤੋਂ ਉਸ ਨੇ ਅਪਰਾਧ ਦਾ ਰਾਹ ਚੁਣਿਆ। ਲੋਕਾਂ ਅਨੁਸਾਰ ਹਰਮਨਪ੍ਰੀਤ ਨੇ ਕਮੇਟੀ ਤੋਂ 8 ਲੱਖ ਰੁਪਏ ਹੜੱਪਣ ਲਈ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਘੜੀ ਸੀ, ਜਿਸ ਨੂੰ ਪਿੰਡ ਦੇ ਲੋਕਾਂ ਨੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਅਗਵਾ ਕਰਨ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸੰਗਰੂਰ ਜੇਲ ਵਿਚ ਇੱਕ ਸਾਲ ਦੀ ਸਜ਼ਾ ਕੱਟਣ ਦੌਰਾਨ ਉਸ ਨੇ ਨਕਲੀ ਸ਼ਰਾਬ ਬਣਾਉਣ ਦਾ ਨੈਟਵਰਕ ਤਿਆਰ ਕੀਤਾ ਸੀ। ਤਿੰਨ ਮਹੀਨੇ ਪਹਿਲਾਂ ਜਦੋਂ ਤੋਂ ਉਹ ਜੇਲ ਤੋਂ ਰਿਹਾਅ ਹੋਇਆ ਸੀ, ਉਦੋਂ ਤੋਂ ਹੀ ਪਿੰਡ ਵਾਸੀ ਉਸ ‘ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੇ ਸਨ। ਇਸ ‘ਤੇ ਉਸ ਨੇ ਸ਼ਰਾਬ ਤਸਕਰੀ ਦਾ ਸ਼ਾਰਟਕੱਟ ਚੁਣਿਆ। ਹਰਮਨਪ੍ਰੀਤ ਦੇ ਪਰਿਵਾਰ ਵਿਚ ਉਸ ਦੀ ਬਜ਼ੁਰਗ ਦਾਦੀ, ਮਾਂ, ਪਤਨੀ ਅਤੇ ਇਕ 5 ਸਾਲ ਦਾ ਬੇਟਾ ਸ਼ਾਮਲ ਹੈ। ਇਹ ਸਾਰੇ ਪਿਛਲੇ ਪੰਜ ਦਿਨਾਂ ਤੋਂ ਭਗੌੜੇ ਹਨ, ਘਰ ਨੂੰ ਜਿੰਦਰਾ ਲੱਗਿਆ ਹੋਇਆ ਹੈ। ਉਨ੍ਹਾਂ ਕੋਲ 13 ਏਕੜ ਵਾਹੀਯੋਗ ਜ਼ਮੀਨ ਤੋਂ ਇਲਾਵਾ 400 ਵਰਗ ਗਜ਼ ਦਾ ਘਰ ਹੈ। ਇਕ ਪਿੰਡ ਵਾਸੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਸ ਦੀ ਕਰੀਬ 5 ਏਕੜ ਜ਼ਮੀਨ ਸਹਿਕਾਰੀ ਸਭਾ ਵੱਲੋਂ ਕੁਰਕ ਕੀਤੀ ਗਈ ਹੈ ਅਤੇ ਬਾਕੀ ਜ਼ਮੀਨ ਕਿਸੇ ਕੋਲ ਗਿਰਵੀ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਹਰਮਨਪ੍ਰੀਤ ਤਿੰਨ ਮਹੀਨੇ ਪਹਿਲਾਂ ਸੰਗਰੂਰ ਜੇਲ ‘ਚੋਂ ਰਿਹਾਅ ਹੋਇਆ ਸੀ ਤਾਂ ਪਿੰਡ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਪੰਚਾਇਤ ਬੁਲਾਈ ਅਤੇ ਸਾਰਿਆਂ ਨੇ ਉਸ ‘ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾਇਆ। ਹਰਮਨਪ੍ਰੀਤ ਨੇ ਜਲਦੀ ਹੀ ਸਾਰਿਆਂ ਦੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਪਿੰਡ ਵਾਲੇ ਟਿਕ ਗਏ ਪ੍ਰੰਤੂ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਸੀ ਕਿ ਉਹ ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਦਾ ਅਜਿਹਾ ਮਾਰੂ ਰਾਹ ਅਖਤਿਆਰ ਕਰ ਲਵੇਗਾ ਜੋ ਕਈ ਜ਼ਿੰਦਗੀਆਂ ਖਤਮ ਕਰ ਦੇਵੇਗਾ। ‌

error: Content is protected !!