Gee 98News

ਜ਼ਿਮਨੀ ਚੋਣ ਬਰਨਾਲਾ : AAP ਦੀ ਟਿਕਟ ਲਈ ਖਿੱਚੋਤਾਣ ਸ਼ੁਰੂ… ਜ਼ਿਲ੍ਹਾ ਪ੍ਰਧਾਨ ਦੇ ਹੱਕ ‘ਚ ਹੋਈ ਵੱਡੀ ਮੀਟਿੰਗ

ਬਰਨਾਲਾ,9 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਸੱਤਾਧਾਰੀ ਪਾਰਟੀ ਦੀ ਟਿਕਟ ਪ੍ਰਾਪਤੀ ਲਈ ਖਿੱਚੋਤਾਣ ਸ਼ੁਰੂ ਹੋ ਚੁੱਕੀ ਹੈ। ਜੇਕਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪਸੰਦ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਬਰਨਾਲਾ ਹਲਕੇ ਤੋਂ ਜ਼ਿਮਨੀ ਚੋਣ ਲਈ ਸੱਤਾਧਾਰੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਦਾ ਨਾਮ ਮੁਢਲੇ ਤੌਰ ‘ਤੇ ਦਾਅਵੇਦਾਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ ਪ੍ਰੰਤੂ ਜ਼ਿਲ੍ਹੇ ਦੀ ਵਾਗਡੋਰ ਸੰਭਾਲ ਰਹੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜ਼ਿਮਨੀ ਚੋਣ ਦੀ ਟਿਕਟ ਲਈ ਕਿਸੇ ਹੋਰ ਦੇ ਮੋਢੇ ‘ਤੇ ਹੱਥ ਰੱਖੇ ਜਾਣ ਦੀ ਚਰਚਾ ਨੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ/ਵਰਕਰਾਂ ਦੇ ਤੇਵਰ ਤਿੱਖੇ ਕਰ ਦਿੱਤੇ ਹਨ। ‌ ਇਸ ਤੋਂ ਇਲਾਵਾ ਕਿਸੇ ਬਾਹਰਲੇ ਉਮੀਦਵਾਰ ਦੀਆਂ ਕਨਸੋਆਂ ਨੇ ਵੀ ਟਕਸਾਲੀ ਆਗੂਆਂ/ਵਰਕਰਾਂ ਨੂੰ ਔਖਾ ਕੀਤਾ ਹੈ। ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਦੱਸੀ ਜਾ ਰਹੀ ਹੈ ਜਿੱਥੇ ਵਰਕਰਾਂ ਨੇ ਬਰਨਾਲਾ ਜ਼ਿਲ੍ਹੇ ਵਿੱਚ ਸੱਤਾਧਾਰੀ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਰੱਜ ਕੇ ਭੜਾਸ ਕੱਢੀ। ‌ ਇਸ ਮੀਟਿੰਗ ਦੇ ਪ੍ਰਬੰਧਕਾਂ ਵੱਲੋਂ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਗਈ ਪ੍ਰੰਤੂ ਮੀਟਿੰਗ ਦੌਰਾਨ ਬੁਲਾਰਿਆਂ ਦਾ ਵਿਸ਼ਾ ਜ਼ਿਮਨੀ ਚੋਣ ਦੀ ਟਿਕਟ ਹੀ ਰਿਹਾ। ਬੁਲਾਰਿਆਂ ਨੇ ਜ਼ਿਮਨੀ ਚੋਣ ਲਈ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੇ ਨਾਮ ਦੀ ਸਿੱਧੇ ਤੌਰ ‘ਤੇ ਵਕਾਲਤ ਕੀਤੀ। ਦੂਜੇ ਪਾਸੇ ਜ਼ਿਮਨੀ ਚੋਣ ਲਈ ਸੱਤਾਧਾਰੀ ਪਾਰਟੀ ਦੀ ਟਿਕਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਰੋਸੇਯੋਗ ਸੂਤਰਾਂ ਅਨੁਸਾਰ ਧਨੌਲਾ ਰੋਡ ‘ਤੇ ਇੱਕ ਵੱਡੇ ਢਾਬਾ ਮਾਲਕ ਦੀ ਐਂਟਰੀ ਨੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਦੌੜ ਦੇ ਸਮੀਕਰਨ ਬਦਲੇ ਹਨ। ਜਿੱਥੇ ਇੱਕ ਪਾਸੇ ਢਾਬਾ ਮਾਲਕ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇੜਤਾ ਜੱਗ ਜ਼ਾਹਰ ਹੈ ਉਥੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਵੀ ਚੰਗੀ ਸੁਲ੍ਹਾ ਹੈ। ਕਿਸੇ ਵੀ ਹਲਕੇ ਦੀ ਜ਼ਿਮਨੀ ਚੋਣ ਦੀ ਟਿਕਟ ਲਈ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਵੱਲੋਂ ਵੱਧ ਜੁਗਾੜ ਲਾਏ ਜਾਂਦੇ ਹਨ ਕਿਉਂਕਿ ਚੋਣ ਲੜਨ ਦੇ ਚਾਹਵਾਨ ਆਗੂਆਂ ਦੇ ਮਨ ਵਿੱਚ ਇਹ ਗੱਲ ਵਸੀ ਹੁੰਦੀ ਹੈ ਕਿ ਜ਼ਿਮਨੀ ਚੋਣ ਜਿੱਤਣ ਲਈ ਸਰਕਾਰ ਆਪਣੇ ਪੱਧਰ ‘ਤੇ ਵੀ ਜ਼ੋਰ ਲਗਾਵੇਗੀ, ਇਹੋ ਸਥਿਤੀ ਬਰਨਾਲਾ ਹਲਕੇ ਤੋਂ ਜ਼ਿਮਨੀ ਚੋਣ ਦੀ ਟਿਕਟ ਪ੍ਰਾਪਤੀ ਲਈ ਬਣਦੀ ਜਾ ਰਹੀ ਹੈ। ‌ ਬਹਿਰਹਾਲ ! ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਤੇ ਵਰਕਰਾਂ ਨੇ ਐਤਵਾਰ ਇੱਕ ਭਰਵੀਂ ਮੀਟਿੰਗ ਕਰਕੇ ਬਰਨਾਲਾ ਦੀ ਜਿਮਨੀ ਚੋਣ ਦੀ ਟਿਕਟ ਸਬੰਧੀ ਹਾਈਕਮਾਂਡ ਨੂੰ ਇੱਕ ਸੰਕੇਤ ਜ਼ਰੂਰ ਦੇ ਦਿੱਤਾ ਹੈ। ਹੁਣ ਵੇਖਣਯੋਗ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਟਿਕਟ ਦਾ ਫੈਸਲਾ ਕਰਦੇ ਸਮੇਂ ਪੈਦਾ ਹੋਏ ਹਾਲਾਤਾਂ ਵੱਲ ਕਿੰਨਾ ਕੁ ਧਿਆਨ ਦਿੰਦੇ ਹਨ ਕਿਉਂਕਿ ਬਰਨਾਲਾ ਤੋਂ ਟਿਕਟ ਦਾ ਅੰਤਿਮ ਫੈਸਲਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਕਰਨਾ ਹੈ।
ਫੋਟੋ ਕੈਪਸ਼ਨ-ਮੀਟਿੰਗ ਵਿੱਚ ਸ਼ਾਮਿਲ ਆਗੂਆਂ/ਵਰਕਰਾਂ ਦਾ ਇਕੱਠ

error: Content is protected !!