Gee 98News

…ਹੁਣ ਨਗਰ ਕੌਸਲ ਦੀ ਉਪ ਪ੍ਰਧਾਨਗੀ ਲਈ ਫਸੇਗਾ ਪੇਚ…ਸੁਣਿਐ ਕਿ ਕਾਂਗਰਸੀ ਧਰਨਾ ਲਾਉਣਗੇ…!

ਬਰਨਾਲਾ,12 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਨਗਰ ਕੌਂਸਲ ਬਰਨਾਲਾ ਦਾ ਦਫ਼ਤਰ ਅੱਜਕੱਲ੍ਹ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਹੈ। ਬਰਨਾਲਾ ਵਾਸੀਆਂ ਦੀਆਂ ਨਜ਼ਰਾਂ ਨਗਰ ਕੌਂਸਲ ਦੀ ਪ੍ਰਧਾਨਗੀ ਸਬੰਧੀ ਹਾਈਕੋਰਟ ਵਿੱਚ ਚੱਲ ਰਹੇ ਕੇਸ ‘ਤੇ ਟਿਕੀਆਂ ਹੋਈਆਂ ਹਨ। ‌ਦੱਸ ਦੇਈਏ ਕਿ ਹਾਈ ਕੋਰਟ ਨੇ ਪ੍ਰਧਾਨਗੀ ਸਬੰਧੀ ਸੁਣਵਾਈ ਮੁਕੰਮਲ ਕਰਕੇ ਫੈਸਲਾ ਰਾਖਵਾਂ ਰੱਖ ਲਿਆ ਹੈ, ਜੋ ਕਿਸੇ ਵੇਲੇ ਵੀ ਸੁਣਾਇਆ ਜਾ ਸਕਦਾ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਉਪ ਪ੍ਰਧਾਨ ਦੀ ਕੁਰਸੀ ਵੀ ਪਿਛਲੇ ਲੰਮੇ ਸਮੇਂ ਤੋਂ ਖਾਲੀ ਹੈ ਜਿਸ ਸਬੰਧੀ ਵੀ ਹਾਈਕੋਰਟ ਨੇ ਚਾਰ ਹਫਤਿਆਂ ‘ਚ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ ਪ੍ਰੰਤੂ ਹਾਈਕੋਰਟ ਵੱਲੋਂ ਦਿੱਤਾ ਸਮਾਂ ਨੇੜੇ ਲੱਗ ਰਿਹਾ ਹੈ ਤੇ ਉਪ ਪ੍ਰਧਾਨ ਦੀ ਚੋਣ ਸਬੰਧੀ ਪ੍ਰਸ਼ਾਸਨ ਨੇ ਅਜੇ ਪੂਣੀ ਵੀ ਨਹੀਂ ਕੱਤੀ।‌ ਬਰਨਾਲੇ ਦੇ ਕਾਂਗਰਸੀ ਕੌਂਸਲਰ ਉਪ ਪ੍ਰਧਾਨ ਦੀ ਚੋਣ ਲਈ ਵੀ ਪੂਰੇ ਉਤਸ਼ਾਹਿਤ ਹਨ। ਉਪ ਪ੍ਰਧਾਨ ਦੀ ਚੋਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਭਾਵੇਂ ਉਮੀਦਵਾਰ ਤਿਆਰ ਕੀਤੇ ਹੋਏ ਹਨ ਪ੍ਰੰਤੂ ਫਿਰ ਵੀ ਸਮਝ ਤੋਂ ਪਰ੍ਹੇ ਹੈ ਕਿ ਸੱਤਾਧਾਰੀ ਪਾਰਟੀ ਉਪ ਪ੍ਰਧਾਨ ਦੀ ਚੋਣ ਦੇ ਮੈਦਾਨ ‘ਚ ਕਦਮ ਰੱਖਣ ਤੋਂ ਕਿਉਂ ਝਿਜਕ ਰਹੀ ਹੈ। ‌ਸੂਤਰਾਂ ਅਨੁਸਾਰ ਬਰਨਾਲੇ ਦੇ ਕਾਂਗਰਸੀਆਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਜਲਦੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦੇਣ ਦੀਆਂ ਵਿਉਂਤਾਂ ਵੀ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸਥਾਨਕ ਪ੍ਰਸ਼ਾਸਨ ‘ਤੇ ਉਪ ਪ੍ਰਧਾਨ ਦੀ ਚੋਣ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਦਬਾਅ ਬਣਾਇਆ ਜਾ ਸਕੇ। ਨਗਰ ਕੌਂਸਲ ਦੀ ਪ੍ਰਧਾਨਗੀ ਤਾਂ ਭਾਵੇਂ ਹਾਈਕੋਰਟ ਦੇ ਹੁਕਮਾਂ ‘ਤੇ ਸਾਹਮਣੇ ਆਵੇਗੀ ਪਰੰਤੂ ਉਪ ਪ੍ਰਧਾਨ ਦੀ ਚੋਣ ਲਈ ਵੀ ਸਥਿਤੀ ਦਿਲਚਸਪ ਬਣਦੀ ਜਾ ਰਹੀ ਹੈ। ‌ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਉਪ ਪ੍ਰਧਾਨ ਦੀ ਚੋਣ ਲਈ ਕਾਂਗਰਸ ਮੈਦਾਨ ਵਿੱਚ ਥਾਪੀਆਂ ਮਾਰ ਰਹੀ ਹੈ ਅਤੇ ਸੱਤਾਧਾਰੀ ਪਾਰਟੀ ਅਜੇ ਲੰਗੋਟ ਕਸ ਰਹੀ ਹੈ। ਸ਼ਾਇਦ ! ਸੱਤਾਧਾਰੀ ਪਾਰਟੀ ਉਪ ਪ੍ਰਧਾਨ ਦੀ ਚੋਣ ਨੂੰ ਜ਼ਿਮਨੀ ਚੋਣ ਦਾ ਸੈਮੀਫਾਈਨਲ ਮੰਨ ਰਹੀ ਹੈ ਜਿਸ ਵਿੱਚ ਉਹ ਖਿਡਾਰੀ ਪੂਰੇ ਕਰਕੇ ਹੀ ਉਤਰਨਾ ਚਾਹੁੰਦੀ ਹੈ। ‌

error: Content is protected !!