Gee 98News

ਡਰੱਗ ਇੰਸਪੈਕਟਰ ਦੀ ਗ੍ਰਿਫਤਾਰੀ ਨੇ ਦੱਸ ਦਿੱਤਾ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਆਂ…!

ਚੰਡੀਗੜ੍ਹ,13 ਸਤੰਬਰ, Gee98 news service
-ਪੰਜਾਬ ‘ਚ ਨਸ਼ਾ ਤਸਕਰੀ ਨਾਲ ਜੁੜੇ ਹੈਰਾਨੀਜਨਕ ਤੱਥ ਸਾਹਮਣੇ ਆ ਰਹੇ ਹਨ। ਪੰਜਾਬ ਪੁਲਿਸ ਨੇ ਅਜਿਹੇ ਡਰੱਗ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਸ਼ਾ ਤਸਕਰਾਂ ਨਾਲ ਮਿਲ ਕੇ ਤਸਕਰੀ ਦਾ ਗੋਰਖ ਧੰਦਾ ਕਰ ਰਿਹਾ ਸੀ। ਪੁਲਿਸ ਨੇ ਇਸ ਡਰੱਗ ਇੰਸਪੈਕਟਰ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ‌ਪੁਲਿਸ ਪਾਰਟੀ ਨੇ ਡਰੱਗ ਇੰਸਪੈਕਟਰ ਕੋਲੋਂ ਡੇਢ ਕਰੋੜ ਰੁਪਏ ਦੀ ਨਗਦੀ, ਸੋਨਾ ਅਤੇ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰਾਂ ਨਾਲ ਜੁੜੇ ਇਸ ਡਰੱਗ ਇੰਸਪੈਕਟਰ ਵੱਲੋਂ ਬਣਾਈ ਜਾਇਦਾਦ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਜਾਂਚ ਦੌਰਾਨ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ, ਜੋ 7.09 ਕਰੋੜ ਰੁਪਏ ਦੇ ਗੈਰ-ਕਾਨੂੰਨੀ ਲੈਣ-ਦੇਣ ਨਾਲ ਜੁੜੇ ਸਨ। ਇਹ ਰਕਮ ਫਰੀਜ਼ ਕਰ ਦਿੱਤੀ ਗਈ। ਦੋ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਜ਼ੀਰਕਪੁਰ ਅਤੇ ਡੱਬਵਾਲੀ ਵਿੱਚ 2.40 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਹਾਸਲ ਕੀਤੀ ਵੱਡੀ ਜਾਇਦਾਦ ਦੀ ਪਛਾਣ ਕੀਤੀ ਗਈ। ਡਰੱਗ ਇੰਸਪੈਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਦਾਅਵੇ ਹੋਰ ਮਜਬੂਤ ਹੋਏ ਹਨ ਕਿ ਪੰਜਾਬ ‘ਚ ਨਸ਼ਾ ਤਸਕਰੀ ਦੇ ਧੰਦੇ ਨਾਲ ਸਿਸਟਮ ਦੇ ਲੋਕ ਹੀ ਜੁੜੇ ਹੋਏ ਹਨ। ‌ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਡਰੱਗ ਇੰਸਪੈਕਟਰ ਪੰਜਾਬ ਵਿੱਚ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਲਈ ਤਸਕਰਾਂ ਦੀ ਗੁਪਤ ਮਦਦ ਕਰਦਾ ਸੀ। ਪੁਲਿਸ ਦਾ ਦਾਅਵਾ ਹੈ ਕਿ ਉਹ ਜੇਲ੍ਹ ਵਿੱਚ ਬੰਦ ਕਈ ਤਸਕਰਾਂ ਦੇ ਸੰਪਰਕ ਵਿੱਚ ਸੀ। ਉਸ ਕੋਲੋਂ ਇੰਨੀ ਜ਼ਿਆਦਾ ਨਕਦੀ ਬਰਾਮਦ ਹੋਈ ਕਿ ਜਾਂਚ ਟੀਮ ਵੀ ਨੋਟ ਗਿਣਦਿਆਂ ਥੱਕ ਗਈ।

error: Content is protected !!