Skip to main content

Gee 98News

…ਆਥਣੇ ਜਹੇ ਪੁਲਿਸ ਨੇ ਦੁਕਾਨਦਾਰ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਹਵਾਲਾਤ ‘ਚ ਬੰਦ ਕਰਤੇ

ਮਾਮਲਾ ਬਰਨਾਲੇ ਬੱਸ ਅੱਡੇ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਦੁਕਾਨਾਂ ਨੂੰ ਜਿੰਦੇ ਲਗਾਉਣ ਦਾ

ਬਰਨਾਲਾ,14 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਬੱਸ ਅੱਡੇ ਦੇ ਨੇੜੇ ਬਣੀਆ ਕੁਝ ਦੁਕਾਨਾਂ ਨੂੰ ਸ਼ੁੱਕਰਵਾਰ ਸਵੇਰੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਜਬਰਦਸਤੀ ਜਿੰਦਰੇ ਲਗਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਦੁਕਾਨਦਾਰਾਂ ਵਿਚਕਾਰ ਪੈਦਾ ਹੋਏ ਤਣਾਅਪੂਰਵਕ ਹਾਲਾਤਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਦੋਵੇਂ ਧਿਰਾਂ ਦੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਪੁਸ਼ਟੀ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਨੇ ਵੀ ਕੀਤੀ। ‌ ਦੱਸ ਦੇਈਏ ਕਿ ਸ਼ੁੱਕਰਵਾਰ ਸਵੇਰੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅੰਮ੍ਰਿਤਸਰ ਤੋਂ 100-150 ਮੁਲਾਜ਼ਮਾਂ ਨਾਲ ਹਥਿਆਰਬੰਦ ਹੋ ਕੇ ਆਈ ਅਤੇ ਉਹਨਾਂ ਨੇ ਕੁਝ ਦੁਕਾਨਾਂ ਨੂੰ ਜਬਰਦਸਤੀ ਜਿੰਦਰੇ ਲਗਾ ਦਿੱਤੇ। ‌ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਬਾਬਾ ਗਾਂਧਾ ਸਿੰਘ ਨੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਨੇ ਕਿਰਾਇਆ ਨਹੀਂ ਦਿੱਤਾ ਉਹਨਾਂ ਦੁਕਾਨਾਂ ਨੂੰ ਜਿੰਦਰੇ ਲਗਾਏ ਗਏ ਹਨ। ‌ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਗੁੰਡਾਗਰਦੀ ਅਤੇ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਦੁਕਾਨਦਾਰਾਂ ਨੇ ਬੱਸ ਅੱਡੇ ਦੇ ਸਾਹਮਣੇ ਸੜਕ ‘ਤੇ ਚੱਕਾ ਜਾਮ ਕਰ ਦਿੱਤਾ। ‌ ਇਸ ਦੌਰਾਨ ਸਾਰਾ ਦਿਨ ਹਾਲਾਤ ਤਣਾਅਪੂਰਨ ਬਣੇ ਰਹੇ ਪ੍ਰੰਤੂ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਵਿੱਚ ਰੱਖਿਆ। ਦੇਰ ਸ਼ਾਮ ਪੁਲਿਸ ਵੱਲੋਂ ਧਰਨੇ ‘ਤੇ ਬੈਠੇ ਦੁਕਾਨਦਾਰਾਂ ਉੱਪਰ ਲਾਠੀਚਾਰਜ ਕਰਨ ਦੀ ਖ਼ਬਰ ਵੀ ਹੈ ਜਿਸ ਤੋਂ ਬਾਅਦ ਵਪਾਰੀ ਵਰਗ ਵਿੱਚ ਪੁਲਿਸ ਪ੍ਰਤੀ ਭਾਰੀ ਰੋਸ ਵੀ ਦੇਖਿਆ ਜਾ ਰਿਹਾ ਹੈ। ਦੁਕਾਨਦਾਰ ਪੁਲਿਸ ਉੱਪਰ ਸ਼੍ਰੋਮਣੀ ਕਮੇਟੀ ਦੀ ਮਦਦ ਕਰਨ ਦੇ ਦੋਸ਼ ਵੀ ਲਗਾ ਰਹੇ ਹਨ। ਦੁਕਾਨਦਾਰਾਂ ਦਾ ਤਰਕ ਹੈ ਕਿ ਕਿਰਾਇਆ ਨਾ ਭਰਨ ਦੀ ਸੂਰਤ ਵਿੱਚ ਦੁਕਾਨਾਂ ਨੂੰ ਜ਼ਬਰਦਸਤੀ ਜਿੰਦੇ ਨਹੀਂ ਲਗਾਏ ਜਾ ਸਕਦੇ। ਕੁਝ ਦੁਕਾਨਦਾਰਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਦੁਕਾਨਾਂ ‘ਚ ਸਮਾਨ ਦੇ ਭੰਨਤੋੜ ਦੇ ਦੋਸ਼ ਵੀ ਲਗਾਏ ਹਨ। ਇਸ ਸਾਰੀ ਕਾਰਵਾਈ ਦੌਰਾਨ ਜਦੋਂ ਪੱਤਰਕਾਰਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਕਮੇਟੀ ਦੇ ਸਕੱਤਰ ਵਿਜੇ ਸਿੰਘ ਨੂੰ ਜਬਰਦਸਤੀ ਜਿੰਦਰੇ ਲਾਉਣ ਸਬੰਧੀ ਸਵਾਲ ਕੀਤਾ ਤਾਂ ਵਿਜੇ ਸਿੰਘ ਨੇ ‌ਰੁਖੀ ਭਾਸ਼ਾ ਵਿੱਚ ਜਵਾਬ ਦਿੰਦੇ ਹੋਏ ਕਿਹਾ “ਅਸੀਂ ਦੁਕਾਨਾਂ ਨੂੰ ਜਿੰਦੇ ਲਗਾ ਦਿੱਤੇ ਹਨ, ਜੀਹਨੇ ਜੋ ਕਰਨਾ ਕਰ ਲਵੇ”। ‌ ਜਦੋਂ ਪੱਤਰਕਾਰਾਂ ਨੇ ਸਕੱਤਰ ਵਿਜੇ ਸਿੰਘ ਨੂੰ ਡਿਫਾਲਟਰ ਦੁਕਾਨਦਾਰਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸਬੰਧੀ ਸਵਾਲ ਕੀਤਾ ਤਾਂ ਉਹਨਾਂ ਕੋਈ ਜਵਾਬ ਨਹੀਂ ਦਿੱਤਾ। ‌ਭਾਵੇਂ ਕਿ ਇਹ ਮਾਮਲਾ ਡੇਰਾ ਬਾਬਾ ਗਾਂਧਾ ਸਿੰਘ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਜਾਇਦਾਦ ਦੇ ਝਗੜੇ ਨਾਲ ਜੁੜਿਆ ਹੋਇਆ ਹੈ ਪ੍ਰੰਤੂ ਸ਼ੁੱਕਰਵਾਰ ਸਵੇਰੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਹੁੱਲੜਬਾਜ਼ੀ ਅਤੇ ਕਾਰਵਾਈ ਤੋਂ ਬਾਅਦ ਹੁਣ ਇਹ ਮਾਮਲਾ ਬਰਨਾਲਾ ਦੇ ਵਪਾਰੀ ਵਰਗ ਬਨਾਮ ਸ਼੍ਰੋਮਣੀ ਕਮੇਟੀ ਬਣਦਾ ਜਾ ਰਿਹਾ ਹੈ।‌ ਸ਼ੁੱਕਰਵਾਰ ਸਾਰਾ ਦਿਨ ਵਾਪਰੀਆਂ ਘਟਨਾਵਾਂ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਕੁਝ ਸ਼ਰਾਰਤੀ ਅਨਸਰ ਮਾਮਲੇ ਨੂੰ ਹਿੰਦੂ ਸਿੱਖ ਰੇੜਕਾ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੁੱਲ ਮਿਲਾ ਕੇ ਸਥਿਤੀ ਭਾਵੇਂ ਕੰਟਰੋਲ ਹੇਠ ਹੈ ਪਰੰਤੂ ਤਣਾਅਪੂਰਨ ਬਣੀ ਹੋਈ ਹੈ।
ਫੋਟੋ ਕੈਪਸ਼ਨ-ਸ਼੍ਰੋਮਣੀ ਕਮੇਟੀ ਵੱਲੋਂ ਦੁਕਾਨਾਂ ਨੂੰ ਜਿੰਦੇ ਲਗਾਉਣ ਤੋਂ ਬਾਅਦ ਚੱਕਾ ਜਾਮ ਕਰਕੇ ਸੜਕ ‘ਤੇ ਬੈਠੇ ਦੁਕਾਨਦਾਰ

error: Content is protected !!