Gee 98News

ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲਾ…SSP, SP, DSP, CIA ਇੰਚਾਰਜ ਖ਼ਿਲਾਫ਼ ਕਾਰਵਾਈ ਸ਼ੁਰੂ

ਚੰਡੀਗੜ੍ਹ,26 ਸਤੰਬਰ, Gee98 news service
-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਇੰਟਰਵਿਊ ਦੇ ਮਾਮਲੇ ‘ਚ ਹਾਈ ਕੋਰਟ ਦੀ ਸਖ਼ਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਖਰੜ ਦੇ ਸੀਆਈਏ ਸਟਾਫ਼ ਵਿੱਚ ਹੋਈ ਸੀ ਅਤੇ ਇਸੇ ਇੰਟਰਵਿਊ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਦੀ ਗੱਲ ਵੀ ਕਬੂਲ ਕੀਤੀ ਸੀ। ‌ ਪਹਿਲਾਂ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਹ ਮੁੱਢੋਂ ਹੀ ਮੁੱਕਰ ਗਈ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਜਾਂ ਪੰਜਾਬ ‘ਚ ਕਿਧਰੇ ਹੋਈ ਹੀ ਨਹੀਂ ਪਰੰਤੂ ਇਸ ਮਾਮਲੇ ਵਿੱਚ ਦਰਜ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਆਪਣੇ ਪੱਧਰ ‘ਤੇ SIT ਦਾ ਗਠਨ ਕੀਤਾ ਅਤੇ ਹਾਈਕੋਰਟ ਵੱਲੋਂ ਗਠਨ ਕੀਤੀ SIT ਨੇ ਰਿਪੋਰਟ ਦਿੱਤੀ ਕਿ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਖਰੜ ਵਿਖੇ ਹੋਈ ਸੀ ਤੇ ਦੂਜੀ ਇੰਟਰਵਿਊ ਰਾਜਸਥਾਨ ਵਿੱਚ ਹੋਈ ਸੀ। SIT ਦੀ ਰਿਪੋਰਟ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਸ਼ੁਰੂ ਨਹੀਂ ਕੀਤੀ ਪ੍ਰੰਤੂ ਹਾਈਕੋਰਟ ਦੇ ਸਖ਼ਤੀ ਨੇ ਪੰਜਾਬ ਸਰਕਾਰ ਨੂੰ ਕਟਹਿਰੇ ‘ਚ ਖੜਾ ਕੀਤਾ ਜਿਸ ਤੋਂ ਬਾਅਦ ਹੁਣ ਤਤਕਾਲੀ ਐਸਐਸਪੀ, ਐਸਪੀ, ਡੀਐਸਪੀ ਅਤੇ ਤਤਕਾਲੀ ਸੀਆਈਏ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਹਾਈਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ ਕਿ ਜਿਹੜੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਹ ਇਸ ਸਮੇਂ ਕਿੱਥੇ ਤਾਇਨਾਤ ਹੈ ? ਸਿਰਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ‘ਤੇ ਸਰਕਾਰ ਨੇ ਕਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਹਲਫ਼ਨਾਮੇ ਦੇ ਰੂਪ ਵਿੱਚ ਦਿੱਤੀ ਜਾਵੇ। ਇਸ ਦੇ ਨਾਲ ਹੀ ਅਦਾਲਤ ਨੇ ਖਰੜ ਦੇ ਸੀ.ਆਈ.ਏ ਇੰਚਾਰਜ ਸ਼ਿਵ ਕੁਮਾਰ ਬਾਰੇ ਵਿਸ਼ੇਸ਼ ਤੌਰ ‘ਤੇ ਪੁੱਛਿਆ ਕਿ ਉਹ ਕਿੱਥੇ ਤਾਇਨਾਤ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਉਹ ਸੇਵਾਮੁਕਤ ਹੋ ਚੁੱਕੇ ਹਨ। ਹਾਲਾਂਕਿ ਉਸ ਨੂੰ ਐਕਸਟੈਂਸ਼ਨ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਵੇਰਵੇ ਦਿੱਤੇ ਜਾਣ ਕਿ ਐਕਸਟੈਂਸਨ ਕਿਸ ਆਧਾਰ ‘ਤੇ ਦਿੱਤੀ ਗਈ ਸੀ। ਇਸ ਮਾਮਲੇ ‘ਚ ਹਾਈਕੋਰਟ ਦੀ ਮਦਦ ਕਰ ਰਹੀ ਵਕੀਲ ਨੇ ਕਿਹਾ ਕਿ ਸ਼ਿਵ ਕੁਮਾਰ ਲੰਬੇ ਸਮੇਂ ਤੋਂ ਇੱਕੋ ਹੀ ਥਾਂ ‘ਤੇ ਤਾਇਨਾਤ ਰਿਹਾ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਕਰਕੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਮੁੱਖ ਮੰਤਰੀ ਅਤੇ ਡੀਜੀਪੀ ਨੇ ਪਹਿਲਾਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਬਿਸ਼ਨੋਈ ਦੀ ਇੰਟਰਵਿਊ ਪੰਜਾਬ ‘ਚ ਨਹੀਂ ਹੋਈ। ਸੁਣਵਾਈ ਦੌਰਾਨ ਹਾਈਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਕਿ ਚੰਡੀਗੜ੍ਹ ਦੇ ਗੁਆਂਢ ‘ਚ ਖਰੜ ਵਿਖੇ ਮੋਸਟ ਵਾਂਟਿਡ ਗੈਂਗਸਟਰ ਦੀ ਇੰਟਰਵਿਊ ਪੁਲਿਸ ਹਿਰਾਸਤ ਵਿੱਚ ਪੁਲਿਸ ਮੁਲਾਜ਼ਮਾਂ ਨੇ ਕਰਵਾਈ ਪਰ ਡੀਜੀਪੀ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗੀ। ਇਹ ਵੀ ਹੈਰਾਨੀ ਅਤੇ ਸੋਚਣ ਦੀ ਗੱਲ ਹੈ ਕਿ ਇਸ ਇੰਟਰਵਿਊ ‘ਤੇ ਸਵਾਲ ਉੱਠਣ ਤੋਂ ਬਾਅਦ ਵੀ ਡੀਜੀਪੀ ਨੇ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਬਜਾਏ ਇਸ ਮਾਮਲੇ ਨੂੰ ਅੱਖੋਂ ਪਰੋਖੇ ਕਰਨ ਦਾ ਯਤਨ ਕੀਤਾ। ‌ ਪੁਲਿਸ ਹਿਰਾਸਤ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਸ਼ਾਮਿਲ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਹਾਈਕੋਰਟ ਦਾ ਰੁੱਖ ਉਹਨਾਂ ਪੁਲਿਸ ਮੁਲਾਜ਼ਮਾਂ ਲਈ ਸੰਕੇਤ ਹੈ ਜਿਹੜੇ ਸਿਆਸੀ/ਸੱਤਾਧਾਰੀ ਨੇਤਾਵਾਂ ਦੇ ਹੱਥ ਠੋਕੇ ਬਣ ਕੇ ਨਿਯਮਾਂ ਨੂੰ ਛਿੱਕੇ ‘ਤੇ ਟੰਗਦੇ ਹਨ।

error: Content is protected !!