Skip to main content

Gee 98News

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ : ਗਿੱਪੀ ਗਰੇਵਾਲ ਤੇ ਬੱਬੂ ਮਾਨ ਨੂੰ ਛੱਡ ਕੇ ਬਾਕੀ ਗਾਇਕਾਂ ਦੀ ਸੁਰੱਖਿਆ ਲਈ ਵਾਪਸ

  • ਹੁਣ ਹਰ ਕਿਸੇ ਨੂੰ ਮੁਫ਼ਤ ਸੁਰੱਖਿਆ ਨਹੀਂ ਦਿੱਤੀ ਜਾਵੇਗੀ-ਡੀਜੀਪੀ
    ਚੰਡੀਗੜ੍ਹ,28 ਸਤੰਬਰ, Gee98 news service
    -ਪੰਜਾਬ ਪੁਲਿਸ ਨੇ ਕਈ ਚੋਟੀ ਦੇ ਗਾਇਕਾਂ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਕਈ ਗਾਇਕਾਂ ਨੂੰ ਮੁਫਤ ਸੁਰੱਖਿਆ ਕਰਮਚਾਰੀ ਦਿੱਤੇ ਹੋਏ ਹਨ। ‌ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੁਰੱਖਿਆ ਵਿੰਗ ਦੀ ਰਿਪੋਰਟ ਦੇ ਆਧਾਰ ‘ਤੇ ਸਟਾਰ ਗਾਇਕ ਬੱਬੂ ਮਾਨ ਤੇ ਗਿੱਪੀ ਗਰੇਵਾਲ ਨੂੰ ਛੱਡ ਕੇ ਬਾਕੀ ਸਾਰੇ ਗਾਇਕਾਂ ਨੂੰ ਦਿੱਤੇ ਸੁਰੱਖਿਆ ਕਰਮਚਾਰੀ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਕਈ ਗਾਇਕਾਂ ਨੇ ਤਾਂ ਪੰਜਾਬ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਹਿਲਾਂ ਹੀ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਸੁਰੱਖਿਆ ਘਟਾਏ ਜਾਣ ਤੋਂ ਬਾਅਦ ਅਸੀਂ ਗਾਇਕਾਂ ਤੇ ਕਲਾਕਾਰਾਂ ਨੂੰ ਦੇਖਾਂਗੇ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਸੁਰੱਖਿਆ ‘ਚ ਕਟੌਤੀ ਕਰਨ ਤੋਂ ਤੁਰੰਤ ਬਾਅਦ ਹੀ ਹੋ ਗਿਆ ਸੀ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਗਾਇਕਾਂ ਵੱਲੋਂ ਪੇਡ ਸੁਰੱਖਿਆ ਦਿੱਤੇ ਜਾਣ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਸਿਰਫ਼ ਉਹਨਾਂ ਹੀ ਗਾਇਕਾਂ ਨੂੰ ਮੁਫ਼ਤ ਸੁਰੱਖਿਆ ਦਿੱਤੀ ਜਾਵੇਗੀ ਜਿਨਾਂ ਨੂੰ ਕਿਸੇ ਗੈਂਗਸਟਰ ਤੋਂ ਖ਼ਤਰਾ ਹੋਵੇਗਾ। ਡੀਜੀਪੀ ਪੰਜਾਬ ਨੇ ਕਿਹਾ ਕਿ ਗਾਇਕਾਂ ਵੱਲੋਂ ਮੁਫ਼ਤ ਸੁਰੱਖਿਆ ਲੈਣ ਸਬੰਧੀ ਦਿੱਤੀ ਅਰਜ਼ੀ ‘ਤੇ ਵੀ ਖੁਫੀਆ ਏਜੰਸੀਆਂ ਦੀ ਰਿਪੋਰਟਾਂ ਦੇ ਆਧਾਰ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ‌ਪੁਲੀਸ ਅਨੁਸਾਰ ਤਨਖ਼ਾਹ ਵਾਲੀ ਸੁਰੱਖਿਆ ਲਈ ਲੋੜੀਂਦੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਉਨ੍ਹਾਂ ਦੀ ਛੇ ਮਹੀਨਿਆਂ ਦੀ ਤਨਖਾਹ ਸਰਕਾਰ ਕੋਲ ਐਡਵਾਂਸ ਵਿੱਚ ਜਮ੍ਹਾਂ ਕਰਵਾਉਣੀ ਪਵੇਗੀ। ਉਸ ਨੂੰ ਆਪਣੀ ਆਈਟੀ ਰਿਟਰਨ ਦੇ ਦਸਤਾਵੇਜ਼ ਵੀ ਪ੍ਰਦਾਨ ਕਰਨੇ ਹੋਣਗੇ। ਉਨ੍ਹਾਂ ਦੀ ਤਸਦੀਕ ਤੋਂ ਬਾਅਦ ਹੀ ਪੇਡ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਲਿਆ ਜਾਵੇਗਾ। ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਕਲਾਕਾਰ ਨੂੰ ਕਿਸੇ ਕਾਰਨ ਸੁਰੱਖਿਆ ਦੀ ਲੋੜ ਹੈ ਤਾਂ ਉਹ ਪੁਲਿਸ ਮੁਲਾਜ਼ਮਾਂ ਦਾ ਖਰਚਾ ਅਦਾ ਕਰਕੇ ਸੁਰੱਖਿਆ ਪ੍ਰਾਪਤ ਕਰ ਸਕਦਾ ਹੈ। ਜੇਕਰ ਕੋਈ ਕਲਾਕਾਰ ਸੁਰੱਖਿਆ ਲਈ ਅਰਜ਼ੀ ਦਿੰਦਾ ਹੈ ਤਾਂ ਉਸ ਦੀ ਪੂਰੀ ਰਿਪੋਰਟ ਖੁਫੀਆ ਏਜੰਸੀਆਂ ਵੱਲੋਂ ਤਿਆਰ ਕੀਤੀ ਜਾਵੇਗੀ। ਜੇਕਰ ਉਹ ਮਾਪਦੰਡਾਂ ‘ਤੇ ਖਰਾ ਉਤਰਦਾ ਹੈ ਤਾਂ ਹੀ ਮੁਫ਼ਤ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
error: Content is protected !!