ਚੰਡੀਗੜ੍ਹ,4 ਅਕਤੂਬਰ, Gee98 news service
-ਸੀਨੀਅਰ ਅਕਾਲੀ ਆਗੂਆਂ ਦੀ ਬਗਾਵਤ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਪਾਰਟੀ ‘ਚੋਂ ਕੱਢੇ ਗਏ ਆਗੂ ਸੁੱਚਾ ਸਿੰਘ ਲੰਗਾਹ ਨੂੰ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਿਲ ਕਰ ਲਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦਿੰਦੇ ਹੋਏ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੂੰ ਇੱਕ ਪ੍ਰਾਇਮਰੀ ਵਰਕਰ ਦੇ ਤੌਰ ‘ਤੇ ਅਕਾਲੀ ਦਲ ਵਿੱਚ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਇੱਕ ਪੱਤਰ ਪਾਰਟੀ ਪ੍ਰਧਾਨ ਦੇ ਨਾਮ ਲਿਖਿਆ ਗਿਆ ਸੀ ਜਿਸ ਵਿੱਚ ਲੰਗਾਹ ਨੇ ਬੇਨਤੀ ਕੀਤੀ ਸੀ ਕਿ “ਉਹਨਾਂ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ (ਬਰੀ) ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖ਼ਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਲਿਜਾਇਆ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਰੀ ਕਾਰਵਾਈ ਉਪਰੰਤ ਹੁਣ ਉਹਨਾਂ ਨੂੰ ਮੁੜ ਖ਼ਾਲਸਾ ਪੰਥ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਜਦੋਂ ਉਹਨਾਂ ਉੱਤੇ ਦੋਸ਼ ਲੱਗੇ ਸਨ ਤਾਂ ਉਹ ਪਾਰਟੀ ਦੇ ਸਮੂਹ ਅਹੁਦਿਆਂ ਤੋਂ ਤੁਰੰਤ ਮੁਸਤਫ਼ੀ ਹੋ ਗਏ ਸਨ। ਹੁਣ ਆਪਣੇ ਲਿਖ਼ਤੀ ਪੱਤਰ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਆਪਣੇ ਆਖਰੀ ਸਾਹ ਤੱਕ ਰਹਿਣਗੇ ਵੀ ਅਕਾਲੀ। ਉਹਨਾਂ ਨੇ ਪਾਰਟੀ ਦੀ ਸੇਵਾ ਦਾ ਮੌਕਾ ਮੁੜ ਲੈਣ ਲਈ ਸਨਿਮਰ ਬੇਨਤੀ ਵੀ ਕੀਤੀ ਹੈ। ਸ ਭੂੰਦੜ ਨੇ ਦੱਸਿਆ ਕਿ ਪਾਰਟੀ ਵੱਲੋਂ ਲੰਗਾਹ ਵੱਲੋਂ ਦਿੱਤੀ ਗਈ ਬੇਨਤੀ ਨੂੰ ਉਹਨਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੀ ਰੌਸ਼ਨੀ ਵਿੱਚ ਵਿਚਾਰਨ ਉਪਰੰਤ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਧਾਰਣ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਪਣੀ ਇੱਕ ਸਹੇਲੀ ਨਾਲ ਸੁੱਚਾ ਸਿੰਘ ਲੰਗਾਹ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਿਸਤੋਂ ਬਾਅਦ ਦੇ ਪਾਰਟੀ ਨੇ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਸ ਸਬੰਧੀ ਲੰਗਾਹ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।










