ਚੰਡੀਗੜ੍ਹ,4 ਅਕਤੂਬਰ, Gee98 news service
-ਪੰਚਾਇਤੀ ਚੋਣਾਂ ਦੌਰਾਨ ਪੰਚਾਇਤ ਵਿਭਾਗ ਦੇ ਕੁਝ ਮੁਲਾਜ਼ਮਾਂ ਵੱਲੋਂ ਸਿਆਸੀ ਧਿਰ ਦੇ ਦਬਾਅ ਹੇਠ ਐਨਓਸੀ ਦੇਣ ਸਬੰਧੀ ਪੱਖਪਾਤ ਕੀਤੇ ਜਾਣ ਦੀਆਂ ਸ਼ਿਕਾਇਤਾਂ ਦੇ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪੰਚਾਇਤ ਸੈਕਟਰੀ ਨੂੰ ਮੁਅੱਤਲ ਕਰ ਦਿੱਤਾ ਹੈ। ਫਿਰੋਜਪੁਰ ਪੰਚਾਇਤ ਸੰਮਤੀ ਵਿਖੇ ਤਾਇਨਾਤ ਪੰਚਾਇਤ ਸਕੱਤਰ ਬਲਵਿੰਦਰ ਸਿੰਘ ਦੇ ਖਿਲਾਫ ਪੰਚਾਇਤ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਐਨਓਸੀ ਨਾ ਦੇਣ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ ਜਿਸ ਤੋਂ ਬਾਅਦ ਪੰਚਾਇਤ ਵਿਭਾਗ ਨੇ ਬਲਵਿੰਦਰ ਸਿੰਘ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਪੰਚਾਇਤ ਚੋਣਾਂ ਵਿੱਚ ਪੰਜਾਬ ਦੇ ਬਹੁਤੇ ਬਲਾਕਾਂ ਵਿੱਚ ਸਿਆਸੀ ਧਿਰ ਦੇ ਦਬਾਅ ਹੇਠ ਲੋੜੀਂਦੇ ਦਸਤਾਵੇਜ ਨਹੀਂ ਦਿੱਤੇ ਜਾ ਰਹੇ ਜਾਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਅਜਿਹੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਸ ਸਬੰਧੀ ਵਿਰੋਧੀ ਧਿਰ ਕਾਂਗਰਸ, ਅਕਾਲੀ ਦਲ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਲਿਖਤੀ ਤੌਰ ‘ਤੇ ਵੀ ਸ਼ਿਕਾਇਤਾਂ ਦਿੱਤੀਆਂ ਸਨ।










