ਬਰਨਾਲਾ, 7 ਅਕਤੂਬਰ (Gee98 news service)-
-ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਦੇ ਆਖਰੀ ਦਿਨ ਅੱਜ ਬਲਾਕ ਮਹਿਲ ਕਲਾਂ ਵਿੱਚ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦ ਚੋਣ ਨਿਸ਼ਾਨ ਵੰਡਣ ਦੇ ਸਮੇਂ ਤੋਂ ਡੇਢ ਘੰਟਾ ਬਾਅਦ ਤੱਕ ਵੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਨਹੀਂ ਮਿਲੇ। ਪੰਚ ਅਤੇ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਦੁਪਹਿਰ ਦੇ ਸਮੇਂ ਤੋਂ ਹੀ ਚੋਣ ਨਿਸ਼ਾਨ ਲੈਣ ਲਈ ਲਾਈਨਾਂ ਵਿੱਚ ਖੜੇ ਹੋਏ ਸਨ। ਚੋਣ ਸ਼ਡਿਊਲ ਅਨੁਸਾਰ ਅੱਜ ਨਾਮਜ਼ਦਗੀ ਪੱਤਰਾਂ ਦਾ ਆਖਰੀ ਦਿਨ ਸੀ ਜਿਸ ਲਈ 11 ਵਜੇ ਤੋਂ 3 ਵਜੇ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਅਤੇ 3 ਵਜੇ ਤੋਂ ਬਾਅਦ ਚੋਣ ਨਿਸ਼ਾਨ ਵੰਡੇ ਜਾਣੇ ਸਨ ਪਰੰਤੂ ਬਲਾਕ ਮਹਿਲ ਕਲਾਂ ਨਾਲ ਸਬੰਧਿਤ 38 ਪੰਚਾਇਤਾਂ ਦੇ ਉਮੀਦਵਾਰਾਂ ਨੂੰ 4.30 ਵਜੇ ਤੱਕ ਵੀ ਚੋਣ ਨਿਸ਼ਾਨ ਨਹੀਂ ਦਿੱਤੇ ਗਏ। ਜਿਸ ਤੋਂ ਬਾਅਦ ਰੋਸ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਚੋਣ ਨਿਸ਼ਾਨ ਵੰਡਣ ‘ਚ ਦੇਰੀ ਸਬੰਧੀ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਵੀ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ। ਇਸ ਦੌਰਾਨ ਇਹ ਵੀ ਚਰਚਾ ਹੁੰਦੀ ਰਹੀ ਕਿ ਵਿਧਾਇਕ ਦੇ ਪਿੰਡ ਪੰਡੋਰੀ ਵਿੱਚ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਉੱਪਰ ਕਾਗਜ਼ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਚੋਣ ਨਿਸ਼ਾਨ ਵੰਡਣ ਦਾ ਅਮਲ ਸ਼ੁਰੂ ਕਰਨ ਵਿੱਚ ਦੇਰੀ ਹੋ ਰਹੀ ਹੈ। ਪੱਤਰਕਾਰਾਂ ਨੇ ਜਦ ਇਸ ਮਾਮਲੇ ਦੀ ਪੁਸ਼ਟੀ ਕੀਤੀ ਤਾਂ ਇਹ ਸੱਚ ਸਾਬਤ ਹੋਇਆ ਕਿ ਪਿੰਡ ਪੰਡੋਰੀ ਵਿੱਚ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਅਧਿਕਾਰੀਆਂ ਨੇ ਦੁਪਹਿਰ ਵੇਲੇ ਬੀਡੀਪੀਓ ਦਫ਼ਤਰ ਬੁਲਾ ਕੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਦਬਾਅ ਬਣਾਇਆ ਪ੍ਰੰਤੂ ਅੰਮ੍ਰਿਤਪਾਲ ਸਿੰਘ ਕਿਸੇ ਬਹਾਨੇ ਬਲਾਕ ਵਿੱਚੋਂ ਵਾਪਸ ਆ ਗਿਆ ਅਤੇ ਉਥੋਂ ਖਿਸਕ ਗਿਆ। ਇਸ ਮਾਮਲੇ ਦੀ ਭਿਣਕ ਜਦ ਕਾਂਗਰਸੀਆਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਬੀਡੀਪੀਓ ਦਫਤਰ ਵਿੱਚ ਇਕੱਠੇ ਹੋ ਗਏ। ਇਸ ਦੀ ਪੁਸ਼ਟੀ ਖੁਦ ਅੰਮ੍ਰਿਤਪਾਲ ਸਿੰਘ ਨੇ ਵੀ ਕੀਤੀ ਕਿ ਉਸ ਉਪਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਦਬਾਅ ਬਣਾਇਆ। ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਪੰਡੋਰੀ ਵਿੱਚ ਵਿਧਾਇਕ ਵੱਲੋਂ ਖੜੇ ਕੀਤੇ ਉਮੀਦਵਾਰ ਦੇ ਮੁਕਾਬਲੇ ‘ਚ ਸਰਪੰਚ ਦੀ ਚੋਣ ਲੜ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਤੱਕ ਪੰਡੋਰੀ ਪਿੰਡ ਵਿੱਚ ਸਰਬ ਸੰਮਤੀ ਦੀ ਗੱਲ ਵੀ ਚੱਲਦੀ ਰਹੀ ਪ੍ਰੰਤੂ ਕਿਸੇ ਕਾਰਨ ਗੱਲ ਸਿਰੇ ਨਹੀਂ ਚੜ ਸਕੀ ਜਿਸ ਤੋਂ ਬਾਅਦ ਅੱਜ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਦੇ ਆਖਰੀ ਦਿਨ ਅੰਮ੍ਰਿਤਪਾਲ ਸਿੰਘ ‘ਤੇ ਕਾਗਜ਼ ਵਾਪਸ ਲੈਣ ਦਾ ਦਬਾਅ ਬਣਾਇਆ ਗਿਆ। ਜਦੋਂ ਸਾਢੇ ਚਾਰ ਵਜੇ ਤੱਕ ਲੋਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਪ੍ਰਸ਼ਾਸਨ ਨੇ ਸਾਰੇ ਬਲਾਕ ਦੀਆਂ ਪੰਚਾਇਤਾਂ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਅਤੇ ਨਾਲ ਹੀ ਪੰਡੋਰੀ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਂਤ ਹੋਇਆ।









